
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਾਰਨ ਕਰਜ਼ਾ ਵਧਿਆ : ਕੈਪਟਨ ਬਾਜਵਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਅਕਸਰ ਦੇਖਣ ’ਚ ਆਇਆ ਹੈ ਕਿ ਸਰਕਾਰਾਂ ਕਰਜ਼ਾ ਮੋੜਨ ਦੀ ਬਜਾਏ ਇਸ ਦਾ ਬੋਝ ਆਉਣ ਵਾਲੀਆਂ ਸਰਕਾਰਾਂ ਸਿਰ ਪਾ ਦਿੰਦੀਆਂ ਹਨ, ਜਿਸ ਕਾਰਨ ਕਰਜ਼ਾ ਲੈਣ ਵਾਲੀ ਸਰਕਾਰ ਬੇਫ਼ਿਕਰ ਹੋ ਕੇ ਕਰਜ਼ਾ ਚੁੱਕਦੀ ਹੈ ਕਿਉਂਕਿ ਉਹ ਇਸ ਨੂੰ ਮੋੜਨ ਦੀ ਜ਼ਿੰਮੇਵਾਰੀ ਤੋਂ ਮੁਕਤ ਸਮਝਦੀ ਹੈ। ਇਸ ਕਾਰਨ ਵਿਕਾਸ ਕਾਰਜਾਂ ਦੀ ਥਾਂ ਕਰਜ਼ੇ ਦੀ ਦੁਰਵਰਤੋਂ ਹੁੰਦੀ ਹੈ ਅਤੇ ਆਮ ਲੋਕਾਂ ਨੂੰ ਕੋਈ ਲਾਭ ਨਹੀਂ ਮਿਲਦਾ, ਸਗੋਂ ਇਸ ਦਾ ਸਾਰਾ ਬੋਝ ਜਨਤਾ ਦੇ ਸਿਰ ਪੈਂਦਾ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਮਾਮਲਿਆਂ ਬਾਰੇ ਸਲਾਹਕਾਰ ਕਮੇਟੀ ਦੇ ਮੈਂਬਰ, ਮੁੱਖ ਬੁਲਾਰੇ, ਜ਼ਿਲ੍ਹਾ ਸੈਨਿਕ ਬੋਰਡ ਮੈਂਬਰ ਤੇ ਰਾਸ਼ਟਰਪਤੀ ਐਵਾਰਡੀ ਕੈਪਟਨ ਜਸਵੰਤ ਸਿੰਘ ਬਾਜਵਾ ਨੇ ਕੀਤਾ। ਉਨ੍ਹਾਂ ਕਿਹਾ ਕਿ ਕਰਜ਼ਾ ਲੈਣ ਦੇ ਮਾਮਲੇ ’ਚ ਤਾਮਿਲਨਾਡੂ ਪਹਿਲੇ ਅਤੇ ਪੰਜਾਬ ਦੂਜੇ ਨੰਬਰ ’ਤੇ ਹੈ। ਮੌਜੂਦਾ ਪੰਜਾਬ ਸਰਕਾਰ ਦੇ ਗਠਨ ਸਮੇਂ ਸੂਬੇ ਸਿਰ ਲਗਭਗ 2 ਲੱਖ 81 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਸੀ, ਜੋ ਸਾਢੇ ਚਾਰ ਸਾਲਾਂ ’ਚ ਵੱਧ ਕੇ ਕਰੀਬ 4.50 ਲੱਖ ਕਰੋੜ ਰੁਪਏ ਹੋ ਚੁੱਕਾ ਹੈ। ਇਸ ਦਾ ਸਿੱਧਾ ਬੋਝ ਪੰਜਾਬ ਦੀ ਜਨਤਾ ’ਤੇ ਹੀ ਪਵੇਗਾ। ਮੌਜੂਦਾ ਸਰਕਾਰ ਦੀਆਂ ਆਰਥਿਕ ਨੀਤੀਆਂ ਅਤੇ ਮਾੜੇ ਵਿੱਤੀ ਪ੍ਰਬੰਧਾਂ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਕਰਜ਼ੇ ਚੁੱਕਣ ਦੇ ਬਾਵਜੂਦ ਸੂਬੇ ਦੀ ਉਤਪਾਦਨ ਸਮਰੱਥਾ ਅਤੇ ਆਰਥਿਕ ਹਾਲਤ ’ਚ ਕੋਈ ਸੁਧਾਰ ਨਹੀਂ ਹੋਇਆ। ਇਸ ਲਈ ਹੁਣ ਇਹ ਜ਼ਰੂਰੀ ਹੋ ਗਿਆ ਹੈ ਕਿ ਕਰਜ਼ੇ ਦੀ ਅਜਿਹੀ ਗ਼ਲਤ ਨੀਤੀ ਖ਼ਿਲਾਫ਼ ਠੋਸ ਅਤੇ ਸਥਾਈ ਕਾਨੂੰਨ ਬਣਾਇਆ ਜਾਵੇ, ਤਾਂ ਜੋ ਆਮ ਲੋਕਾਂ ਨੂੰ ਇਸ ਬੋਝ ਤੋਂ ਮੁਕਤੀ ਮਿਲ ਸਕੇ।