- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਬੀਯੂ ਦੀ ਵਿਦਿਆਰਥਣ ਸਪਨਾ ਨੇ ਰਾਜ ਪੱਧਰੀ ਯੋਗਾਸਨ ਮੁਕਾਬਲੇ ’ਚ ਜਿੱਤਿਆ ਸੋਨ ਤਗ਼ਮਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਦੇਸ਼ ਭਗਤ ਯੂਨੀਵਰਸਿਟੀ ਦੇ ਐੱਮਐੱਸਸੀ ਮਨੋਵਿਗਿਆਨ ਦੀ ਵਿਦਿਆਰਥਣ ਸਪਨਾ ਨੇ ਪੰਜਾਬ ਓਪਨ ਸੂਬਾ ਪੱਧਰੀ ਯੋਗਾਸਨ ਮੁਕਾਬਲੇ 2026-27 ਵਿੱਚ ਪਹਿਲਾ ਸਥਾਨ ਹਾਸਲ ਕਰ ਕੇ ਸੋਨ ਤਗ਼ਮਾ ਜਿੱਤਿਆ ਹੈ। ਅਬੋਹਰ ਸਥਿਤ ਨਿਊ ਰੇਵਨਵੁੱਡ ਇੰਟਰਨੈਸ਼ਨਲ ਸਕੂਲ ਵਿਖੇ ਕਰਵਾਏ ਗਏ ਇਸ ਮੁਕਾਬਲੇ ਦਾ ਪ੍ਰਬੰਧ ਯੋਗ ਸਪੋਰਟਸ ਡਿਵੈਲਪਮੈਂਟ ਐਸੋਸੀਏਸ਼ਨ ਫ਼ਾਜ਼ਿਲਕਾ ਵੱਲੋਂ ਯੋਗ ਸਪੋਰਟਸ ਡਿਵੈਲਪਮੈਂਟ ਐਸੋਸੀਏਸ਼ਨ ਪੰਜਾਬ ਦੇ ਸਹਿਯੋਗ ਨਾਲ ਕੀਤਾ ਗਿਆ ਸੀ। ਸਪਨਾ ਨੇ ਆਪਣੀ ਬਿਹਤਰੀਨ ਪ੍ਰਤਿਭਾ, ਅਨੁਸ਼ਾਸਨ ਅਤੇ ਲਗਨ ਦਾ ਪ੍ਰਦਰਸ਼ਨ ਕਰਦਿਆਂ ਸੂਬਾ ਪੱਧਰ ’ਤੇ ਇਹ ਮੱਲ ਮਾਰੀ ਹੈ। ਯੂਨੀਵਰਸਿਟੀ ਦੇ ਕੁਲਪਤੀ ਡਾ. ਜ਼ੋਰਾ ਸਿੰਘ, ਪ੍ਰੋ ਕੁਲਪਤੀ ਡਾ. ਤਜਿੰਦਰ ਕੌਰ ਅਤੇ ਉਪ ਕੁਲਪਤੀ ਪ੍ਰੋ. ਡਾ. ਹਰਸ਼ ਸਦਾਵਰਤੀ ਨੇ ਸਪਨਾ ਨੂੰ ਵਧਾਈ ਦਿੰਦਿਆਂ ਉਸ ਦੀ ਸਖ਼ਤ ਮਿਹਨਤ ਅਤੇ ਸਮਰਪਣ ਦੀ ਸ਼ਲਾਘਾ ਕੀਤੀ। ਉਨ੍ਹਾਂ ਉਮੀਦ ਜਤਾਈ ਕਿ ਸਪਨਾ ਭਵਿੱਖ ਵਿੱਚ ਵੀ ਖੇਡਾਂ ਅਤੇ ਯੋਗਾਸਨ ਦੇ ਖੇਤਰ ’ਚ ਯੂਨੀਵਰਸਿਟੀ ਦਾ ਨਾਂ ਰੋਸ਼ਨ ਕਰਦੀ ਰਹੇਗੀ। ਯੂਨੀਵਰਸਿਟੀ ਪ੍ਰਬੰਧਕਾਂ ਨੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਖੇਡਾਂ ਅਤੇ ਸਰੀਰਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਵਿਦਿਆਰਥਣ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।