- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਬੀਯੂ ਵੱਲੋਂ ਪੰਜਾਬ ਦੇ ਸੱਭਿਆਚਾਰ ਅਤੇ ਅਧਿਆਤਮਿਕ ਵਿਰਾਸਤ ’ਤੇ ਦੋ ਰੋਜ਼ਾ ਕੌਮੀ ਗੋਸ਼ਟੀ ਕਰਵਾਈ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਦੇਸ਼ ਭਗਤ ਯੂਨੀਵਰਸਿਟੀ (ਡੀਬੀਯੂ) ਦੀ ਫੈਕਲਟੀ ਆਫ ਲਿਬਰਲ ਆਰਟਸ ਵੱਲੋਂ ਭਾਰਤੀ ਇਤਿਹਾਸਕ ਖੋਜ ਪ੍ਰੀਸ਼ਦ (ਆਈਸੀਐਚਆਰ) ਦੇ ਸਹਿਯੋਗ ਨਾਲ ‘ਪੰਜਾਬ ਵਿਚ ਸੱਭਿਆਚਾਰ, ਅਧਿਆਤਮਿਕਤਾ ਤੇ ਧਰਮ: ਵੱਖ-ਵੱਖ ਇਤਿਹਾਸਕ ਕਾਲਾਂ ਦੇ ਪ੍ਰਸੰਗ ਵਿਚ’ ਵਿਸ਼ੇ ’ਤੇ ਦੋ ਰੋਜ਼ਾ ਕੌਮੀ ਗੋਸ਼ਟੀ ਕਰਵਾਈ ਗਈ। ਇਸ ਗੋਸ਼ਟੀ ’ਚ ਵਿਦਵਾਨਾਂ, ਇਤਿਹਾਸਕਾਰਾਂ ਅਤੇ ਖੋਜਾਰਥੀਆਂ ਨੇ ਸ਼ਮੂਲੀਅਤ ਕਰਦਿਆਂ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ, ਧਾਰਮਿਕ ਪਰੰਪਰਾਵਾਂ ਅਤੇ ਇਤਿਹਾਸਕ ਵਿਕਾਸ ਦੇ ਵੱਖ-ਵੱਖ ਪੱਖਾਂ ’ਤੇ ਵਿਚਾਰ-ਵਟਾਂਦਰਾ ਕੀਤਾ। ਯੂਨੀਵਰਸਿਟੀ ਦੇ ਮਹਾਪ੍ਰਗਿਆ ਹਾਲ ਅਤੇ ਰਬਾਬ ਕਾਨਫਰੰਸ ਹਾਲ ’ਚ ਹੋਈ ਇਸ ਗੋਸ਼ਟੀ ਦੌਰਾਨ ਉਦਘਾਟਨੀ, ਵਿਸ਼ਾ-ਵਾਰ ਅਤੇ ਸਮਾਪਤੀ ਸੈਸ਼ਨ ਕਰਵਾਏ ਗਏ। ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਡੀਬੀਯੂ ਦੇ ਕੁਲਪਤੀ ਡਾ. ਜ਼ੋਰਾ ਸਿੰਘ ਨੇ ਵਰਚੁਅਲ ਮਾਧਿਅਮ ਰਾਹੀਂ ਕੀਤੀ। ਇਸ ਮੌਕੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ, ਪ੍ਰੈਜ਼ੀਡੈਂਟ ਡਾ. ਸੰਦੀਪ ਸਿੰਘ ਅਤੇ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ. ਹਰਦੇਵ ਸਿੰਘ ਸਮੇਤ ਹੋਰ ਪਤਵੰਤੇ ਮੌਜੂਦ ਸਨ। ਖੋਜ ਅਤੇ ਵਿਕਾਸ ਕੇਂਦਰ (ਆਰਡੀਸੀ) ਦੇ ਡੀਨ ਪ੍ਰੋਫੈਸਰ ਡਾ. ਅਜੈ ਬੱਤਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋਫੈਸਰ ਡਾ. ਹਰਸ਼ ਸਦਾਵਰਤੀ ਨੇ ਉਦਘਾਟਨੀ ਭਾਸ਼ਣ ਦਿੱਤਾ। ਮੁੱਖ ਭਾਸ਼ਣ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਦੇ ਸਾਬਕਾ ਉਪ-ਕੁਲਪਤੀ ਪ੍ਰੋਫੈਸਰ ਡਾ. ਧਰਮਜੀਤ ਸਿੰਘ ਪਰਮਾਰ ਨੇ ਦਿੱਤਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਇਤਿਹਾਸ ਵਿਭਾਗ ਦੇ ਮੁਖੀ ਡਾ. ਮਨੂ ਸ਼ਰਮਾ ਵੀ ਇਸ ਦੌਰਾਨ ਮੌਜੂਦ ਰਹੇ। ਉਦਘਾਟਨੀ ਪ੍ਰੋਗਰਾਮ ਮੌਕੇ ਡਾ. ਰੇਣੂ ਸ਼ਰਮਾ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਵਿਸ਼ਾ-ਵਾਰ ਸੈਸ਼ਨਾਂ ਦੌਰਾਨ ਨਾਮਧਾਰੀ ਲਹਿਰ, ਪ੍ਰਾਚੀਨ ਸਪਤ ਸਿੰਧੂ ਖੇਤਰ ਤੋਂ ਸਿੱਖ ਧਰਮ ਤੱਕ ਧਾਰਮਿਕ ਪਰੰਪਰਾਵਾਂ ਦੇ ਵਿਕਾਸ, ਪੰਜਾਬੀ ਸਾਹਿਤ ਅਤੇ ਭਗਤੀ ਲਹਿਰ ਦੇ ਯੋਗਦਾਨ ਬਾਰੇ ਵਿਚਾਰ-ਚਰਚਾ ਹੋਈ। ਨਾਮਧਾਰੀ ਲਹਿਰ ਨੂੰ ਸਮਰਪਿਤ ਸੈਸ਼ਨ ’ਚ ਡਾ. ਐੱਸਐੱਸ ਵਿਰਕ ਨੇ ਭਾਸ਼ਣ ਦਿੱਤਾ। ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸੈਸ਼ਨ ਦੌਰਾਨ ਪ੍ਰੋਫੈਸਰ ਡਾ. ਦੇਵਿੰਦਰ ਕੁਮਾਰ ਸ਼ਰਮਾ ਅਤੇ ਪ੍ਰੋਫੈਸਰ ਡਾ. ਤਬਿਸ਼ ਹਾਸ਼ਮੀ ਨੇ ਵਿਚਾਰ ਸਾਂਝੇ ਕੀਤੇ। ਇਕ ਹੋਰ ਸੈਸ਼ਨ ’ਚ 1947 ਦੀ ਦੇਸ਼ ਵੰਡ ਦੇ ਸਮਾਜਿਕ ਅਤੇ ਸੱਭਿਆਚਾਰਕ ਪ੍ਰਭਾਵਾਂ ’ਤੇ ਅਧਿਐਨ ਪੇਸ਼ ਕੀਤਾ ਗਿਆ। ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਪ੍ਰੈਜ਼ੀਡੈਂਟ ਡਾ. ਸੰਦੀਪ ਸਿੰਘ ਨੇ ਕੀਤੀ ਅਤੇ ਡਾ. ਹਰਦੇਵ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕੁਲਪਤੀ ਡਾ. ਜ਼ੋਰਾ ਸਿੰਘ ਵਰਚੁਅਲ ਮਾਧਿਅਮ ਰਾਹੀਂ ਸ਼ਾਮਲ ਹੋਏ। ਪ੍ਰੋਫੈਸਰ ਡਾ. ਅਜੈਪਾਲ ਸਿੰਘ ਨੇ ਗੋਸ਼ਟੀ ਦੀ ਰਿਪੋਰਟ ਪੇਸ਼ ਕੀਤੀ। ‘ਲੋਕ ਧਰਮ, ਬਦਲਾਅ ਤੇ ਨਿਰੰਤਰਤਾ’ ਵਿਸ਼ੇ ’ਤੇ ਸਮਾਪਤੀ ਭਾਸ਼ਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਮਾਜ-ਵਿਗਿਆਨ ਵਿਸ਼ੇ ਦੇ ਸੇਵਾਮੁਕਤ ਪ੍ਰੋਫੈਸਰ ਡਾ. ਹਰਵਿੰਦਰ ਸਿੰਘ ਭੱਟੀ ਨੇ ਦਿੱਤਾ। ਇਸ ਗੋਸ਼ਟੀ ਨੇ ਪੰਜਾਬ ਦੀ ਵਿਰਾਸਤ ਨੂੰ ਦਸਤਾਵੇਜ਼ੀ ਰੂਪ ’ਚ ਸੰਭਾਲਣ ਅਤੇ ਅਕਾਦਮਿਕ ਸੰਵਾਦ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ ਨੂੰ ਉਜਾਗਰ ਕੀਤਾ।