- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਬੀਯੂ ਵੱਲੋਂ ਘਾਨਾ ਦੇ ਵਫ਼ਦ ਨਾਲ ਆਯੁਰਵੇਦਿਕ ਸਹਿਯੋਗ ਦੀਆਂ ਸੰਭਾਵਨਾਵਾਂ ’ਤੇ ਚਰਚਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਦੇਸ਼ ਭਗਤ ਆਯੁਰਵੇਦਿਕ ਕਾਲਜ ਤੇ ਹਸਪਤਾਲ, ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਘਾਨਾ (ਪੱਛਮੀ ਅਫ਼ਰੀਕਾ) ਦੇ ਨਿਆਰਕੋਟੇ ਕਾਲਜ ਆਫ਼ ਹੋਲਿਸਟਿਕ ਮੈਡੀਸਨ ਦੇ ਸੰਸਥਾਪਕ ਤੇ ਪ੍ਰਧਾਨ ਪ੍ਰੋ. ਰਾਫੇਲ ਨਿਆਰਕੋਟੇ ਦੀ ਅਗਵਾਈ ਹੇਠ 20 ਕੁਦਰਤੀ ਚਿਕਿਤਸਾ ਮਾਹਿਰਾਂ ਦੇ ਉੱਚ ਪੱਧਰੀ ਵਫ਼ਦ ਦੀ ਮੇਜ਼ਬਾਨੀ ਕੀਤੀ ਗਈ। ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਦੀ ਰਹਿਨੁਮਾਈ ਤੇ ਦੇਸ਼ਾਵਰੀ ਗਲੋਬਲ ਫਾਰਮਾਸਿਊਟੀਕਲਜ਼ ਐਲਐਲਪੀ ਦੇ ਪ੍ਰਬੰਧ ਨਿਰਦੇਸ਼ਕ ਡਾ. ਸੁਧੀਰ ਬਾਤਿਸ਼ ਦੇ ਸਹਿਯੋਗ ਨਾਲ ਹੋਏ ਇਸ ਦੌਰੇ ਦਾ ਮੁੱਖ ਮਕਸਦ ਆਯੁਰਵੇਦ ਦੇ ਖੇਤਰ ’ਚ ਗਿਆਨ ਦੇ ਆਦਾਨ-ਪ੍ਰਦਾਨ, ਖੋਜ ਅਤੇ ਅੰਤਰਰਾਸ਼ਟਰੀ ਸਹਿਯੋਗ ਦੀਆਂ ਸੰਭਾਵਨਾਵਾਂ ਤਲਾਸ਼ਣਾ ਸੀ। ਕੈਂਪਸ ਪੁੱਜਣ ’ਤੇ ਕਾਲਜ ਨਿਰਦੇਸ਼ਕ ਪ੍ਰੋ. ਡਾ. ਕੁਲਭੂਸ਼ਣ, ਪ੍ਰਿੰਸੀਪਲ ਡਾ. ਹੇਮਰਾਜ ਰਾਣਾ ਅਤੇ ਮੈਡੀਕਲ ਸੁਪਰਡੈਂਟ ਡਾ. ਜੋਤੀ ਐਚ. ਧਾਮੀ ਨੇ ਵਫ਼ਦ ਦਾ ਸਵਾਗਤ ਕੀਤਾ। ਮੀਟਿੰਗ ਦੌਰਾਨ ਡਾ. ਹੇਮਰਾਜ ਰਾਣਾ ਅਤੇ ਡਾ. ਜੋਤੀ ਐਚ. ਧਾਮੀ ਨੇ ਪੇਸ਼ਕਾਰੀਆਂ ਰਾਹੀਂ ਆਯੁਰਵੇਦ ਦੇ ਮਹੱਤਵ ਅਤੇ ਸੰਸਥਾ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਵਫ਼ਦ ਨੇ ਆਯੁਰਵੇਦਿਕ ਕਾਲਜ ਅਤੇ ਜੜੀ-ਬੂਟੀ ਬਾਗ਼ ਦਾ ਦੌਰਾ ਵੀ ਕੀਤਾ। ਚਾਂਸਲਰ ਡਾ. ਜ਼ੋਰਾ ਸਿੰਘ ਨੇ ਘਾਨਾ ਦੇ ਵਫ਼ਦ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਅੰਤਰਰਾਸ਼ਟਰੀ ਸਾਂਝੇਦਾਰੀਆਂ ਅਤੇ ਖੋਜ ਪਹਿਲਕਦਮੀਆਂ ਯੂਨੀਵਰਸਿਟੀ ਨੂੰ ਵਿਸ਼ਵ ਪੱਧਰ ’ਤੇ ਬਹੁ-ਪੱਖੀ ਉੱਤਮਤਾ ਦਾ ਕੇਂਦਰ ਬਣਾਉਣ ਵਿਚ ਅਹਿਮ ਸਿੱਧ ਹੋਣਗੀਆਂ।