- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧੀਆਂ ਨੇ ਵਧਾਇਆ ਫਤਹਿਗੜ੍ਹ ਸਾਹਿਬ ਦਾ ਮਾਣ

ਗਰਗ, ਪੰਜਾਬੀ ਜਾਗਰਣ, ਅਮਲੋਹ : ਧੀਆਂ ਅੱਜ ਕਿਸੇ ਵੀ ਖੇਤਰ ਵਿਚ ਪੁੱਤਰਾਂ ਤੋਂ ਪਿੱਛੇ ਨਹੀਂ ਹਨ। ਮਿਹਨਤ, ਲਗਨ ਤੇ ਪ੍ਰਤਿਭਾ ਦੇ ਦਮ ’ਤੇ ਉਹ ਸਿੱਖਿਆ, ਡਾਕਟਰੀ ਅਤੇ ਖੇਡਾਂ ਦੇ ਖੇਤਰ ਵਿਚ ਨਵੀਆਂ ਮਿਸਾਲਾਂ ਕਾਇਮ ਕਰ ਰਹੀਆਂ ਹਨ। ਇਸ ਦੀ ਪ੍ਰੇਰਣਾਦਾਇਕ ਮਿਸਾਲ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੀਆਂ ਦੋ ਹੋਣਹਾਰ ਧੀਆਂ ਤਨਵੀ ਗੋਇਲ ਤੇ ਕਨਿਸ਼ਕਾ ਨੇ ਪੇਸ਼ ਕੀਤੀ ਹੈ। ਤਨਵੀ ਗੋਇਲ ਨੇ ਦੇਸ਼ ਦੀ ਵੱਕਾਰੀ ਨੀਟ ਪ੍ਰੀਖਿਆ ਵਿਚ ਕਰੀਬ 22 ਲੱਖ ਉਮੀਦਵਾਰਾਂ ’ਚੋਂ 1405ਵਾਂ ਆਲ ਇੰਡੀਆ ਰੈਂਕ ਹਾਸਲ ਕਰਕੇ ਦਿੱਲੀ ਦੇ ਪ੍ਰਸਿੱਧ ਮੌਲਾਨਾ ਆਜ਼ਾਦ ਮੈਡੀਕਲ ਕਾਲਜ ’ਚ ਐੱਮਬੀਬੀਐੱਸ ਲਈ ਦਾਖਲਾ ਪ੍ਰਾਪਤ ਕੀਤਾ ਹੈ। ਦੂਜੇ ਪਾਸੇ ਕਨਿਸ਼ਕਾ ਨੇ ਭੋਪਾਲ ਵਿਖੇ ਹੋਏ ਕੌਮੀ ਪੱਧਰ ਦੇ 10 ਮੀਟਰ ਏਅਰ ਪਿਸਟਲ ਸ਼ੂਟਿੰਗ ਮੁਕਾਬਲੇ ਵਿੱਚ ਹਿੱਸਾ ਲੈ ਕੇ ਖੇਡਾਂ ਦੇ ਖੇਤਰ ’ਚ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਇਨ੍ਹਾਂ ਦੋਵਾਂ ਹੋਣਹਾਰ ਧੀਆਂ ਦੀਆਂ ਪ੍ਰਾਪਤੀਆਂ ਨੂੰ ਅਧਿਆਪਕ ਦਿਵਸ ਮੌਕੇ ਲਾਲਾ ਫੂਲਚੰਦ ਬਾਂਸਲ ਸਰਵਹਿਤਕਾਰੀ ਵਿੱਦਿਆ ਮੰਦਰ, ਅਮਲੋਹ ਵਿਖੇ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ। ਸਕੂਲ ਦੇ ਵਾਈਸ ਚੇਅਰਮੈਨ ਸੁਸ਼ੀਲ ਬਾਂਸਲ ਤੇ ਪ੍ਰਿੰਸੀਪਲ ਆਂਚਲ ਰਾਣੀ ਸਮੇਤ ਅਧਿਆਪਕਾਵਾਂ ਨੇਹਾ ਰਾਣੀ, ਭਾਵਨਾ ਰਾਣੀ, ਮੀਨਾ ਰਾਣੀ, ਦਵਿੰਦਰ ਕੌਰ ਤੇ ਜਸਵੀਰ ਕੌਰ ਨੂੰ ਸਿੱਖਿਆ ਦੇ ਖੇਤਰ ਵਿਚ ਨਿਭਾਈਆਂ ਸੇਵਾਵਾਂ ਲਈ ਅਧਿਆਪਕ ਦਿਵਸ ਮੌਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਰਾਸ਼ਟਰੀ ਸਵੈਮਸੇਵਕ ਸੰਘ ਮੰਡੀ ਗੋਬਿੰਦਗੜ੍ਹ ਦੇ ਕਾਰਕੁਨ ਪ੍ਰਸ਼ਾਂਤ ਗੋਇਲ ਦੀ ਧੀ ਤਨਵੀ ਗੋਇਲ ਨੂੰ ਨੀਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਰਾਸ਼ਟਰੀ ਸਵੈਮਸੇਵਕ ਸੰਘ ਅਮਲੋਹ ਦੇ ਕਾਰਕੁਨ ਅਜੈ ਗਰਗ ਦੀ ਧੀ ਕਨਿਸ਼ਕਾ ਨੂੰ ਕੌਮੀ ਪੱਧਰ ਦੇ ਸ਼ੂਟਿੰਗ ਮੁਕਾਬਲੇ ਵਿਚ ਭਾਗ ਲੈਣ ਲਈ ਸਨਮਾਨਿਤ ਕਰਦਿਆਂ ਉਸ ਦਾ ਹੌਸਲਾ ਵਧਾਇਆ ਗਿਆ। ਇਸ ਮੌਕੇ ਸਕੂਲ ਪ੍ਰਬੰਧਨ ਦੇ ਚੇਅਰਮੈਨ ਰਾਜਪਾਲ ਗਰਗ, ਪ੍ਰਧਾਨ ਮੋਹਿਤ ਬਾਂਸਲ, ਕੈਸ਼ੀਅਰ ਮੁਨੀਸ਼ ਗੋਇਲ, ਡਾ. ਰਾਮਸਵਰੂਪ, ਰਾਜਕੁਮਾਰ ਪਜਨੀ, ਅਸ਼ੋਕ ਮਿੱਤਲ, ਅਨਿਲ ਗੋਇਲ, ਪ੍ਰਮੋਦ ਅਬਰੋਲ, ਵਿਨੋਦ ਮਿੱਤਲ, ਰਾਜਨ ਮਿੱਤਲ, ਨਰਿੰਦਰ ਬੇਦੀ, ਮੋਹਿਤ ਗਰਗ, ਸਾਬਕਾ ਪ੍ਰਿੰਸੀਪਲ ਅੱਛਰ ਦੇਵ, ਲੈਕਚਰਾਰ ਬੰਤ ਸਿੰਘ ਅਤੇ ਲੈਕਚਰਾਰ ਦਰਸ਼ਨ ਸਿੰਘ ਸਮੇਤ ਹੋਰ ਮੈਂਬਰ ਹਾਜ਼ਰ ਸਨ।