ਬਾਬਾ ਬੰਦਾ ਸਿੰਘ ਬਹਾਦਰ ਮਿਊਜ਼ੀਅਮ ਤੇ ਪਾਰਕ ਦੇ ਨਿਰਮਾਣ ਕਾਰਜਾਂ ਦੀ ਸੇਵਾ ਸ਼ੁਰੂ ਬਾਬਾ ਬੰਦਾ ਸਿੰਘ ਬਹਾਦਰ ਮਿਊਜ਼ੀਅਮ ਅਤੇ ਪਾਰਕ ਦੇ ਨਿਰਮਾਣ ਕਾਰਜਾਂ ਦੀ ਸੇਵਾ ਸ਼ੁਰੂ
Publish Date: Sat, 08 Aug 2026 08:22 PM (IST)
Updated Date: Sun, 09 Aug 2026 04:08 AM (IST)
ਸਰਕਾਰ ਕੋਲ ਸ਼੍ਰੋਮਣੀ ਕਮੇਟੀ ਨੂੰ ਟਾਰਗੇਟ ਕਰਨ ਤੋਂ ਇਲਾਵਾ ਹੋਰ ਕੋਈ ਏਜੰਡਾ ਹੀ ਨਹੀਂ : ਧਾਮੀ ਸ਼੍ਰੋਮਣੀ ਕਮੇਟੀ ਨੇ ਕਦੇ ਵੀ ਕਿਸੇ ਗੁਰਦੁਆਰਾ ਪ੍ਰਬੰਧ ’ਚ ਬਿਨਾਂ ਵਜ੍ਹਾ ਦਖ਼ਲਅੰਦਾਜ਼ੀ ਨਹੀਂ ਕੀਤੀ ਗੁਰਪ੍ਰੀਤ ਮਹਿਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਹੇਠ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਇਤਿਹਾਸਕ ਯਾਦ ਨੂੰ ਸਮਰਪਿਤ ਬਾਬਾ ਬੰਦਾ ਸਿੰਘ ਬਹਾਦਰ ਮਿਊਜ਼ੀਅਮ, ਇਤਿਹਾਸਕ ਟਿੱਲੇ ਅਤੇ 16 ਏਕੜ ’ਚ ਬਣਾਏ ਜਾਣ ਵਾਲੇ ਪਾਰਕ ਦੇ ਨਿਰਮਾਣ ਕਾਰਜਾਂ ਦੀ ਸੇਵਾ ਦਾ ਸ਼ੁਭ ਆਰੰਭ ਕੀਤਾ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੁਰਜਿੰਦਰ ਸਿੰਘ ਜੀ ਵੱਲੋਂ ਅਰਦਾਸ ਕਰਨ ਉਪਰੰਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੇਵਾ ਦੀ ਆਰੰਭਤਾ ਕਰਵਾਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਇਹ ਇਮਾਰਤ ਕਾਫ਼ੀ ਸਮੇਂ ਤੋਂ ਅਧੂਰੀ ਪਈ ਸੀ, ਜਿਸ ਦੀ ਸੇਵਾ ਹੁਣ ‘ਸਾਹਿਬ-ਏ-ਕਮਾਲ ਫਾਊਂਡੇਸ਼ਨ’ ਅਤੇ ‘ਵਨ ਬੀਟ ਮੈਡੀਕਲ ਗਰੁੱਪ’ ਸ੍ਰੀ ਚਮਕੌਰ ਸਾਹਿਬ ਦੇ ਚੇਅਰਮੈਨ ਬਹਾਦਰ ਸਿੰਘ ਸੇਲਮ, ਸਹਿਯੋਗੀ ਨਿਰਮਲ ਸਿੰਘ ਚੰਦੀ, ਅਜੇਪਾਲ ਸਿੰਘ ਬਾਠ ਅਤੇ ਡਿਜ਼ਾਈਨ ਇੰਜੀਨੀਅਰ ਰਵੀ ਸਿੰਘ ਤੇ ਆਸ਼ੂਤੋਸ਼ ਸਿੰਘ ਵੱਲੋਂ ਵੀ ਪ੍ਰੋਜੈਕਟ ’ਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ’ਚ ਮਿਊਜ਼ੀਅਮ ਦੀ ਬਿਲਡਿੰਗ ਦਾ ਕੰਮ ਮੁਕੰਮਲ ਕੀਤਾ ਜਾਵੇਗਾ। ਇਸ ਤੋਂ ਬਾਅਦ ਗੁਰਦੁਆਰਾ ਸ੍ਰੀ ਜੋਤਿ ਸਰੂਪ ਸਾਹਿਬ ਤੋਂ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਤੱਕ ਦੇ ਵਿਰਾਸਤੀ ਮਾਰਗ ਦਾ ਸੁੰਦਰੀਕਰਨ, ਖੰਡਾ ਸਾਹਿਬ ਦੀ ਸੇਵਾ, ਪਾਰਕਾਂ ਦਾ ਨਿਰਮਾਣ ਤੇ ਸਰੋਵਰ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਮਿਊਜ਼ੀਅਮ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਗੌਰਵਮਈ ਸਿੱਖ ਇਤਿਹਾਸ ਨਾਲ ਜੋੜੇਗਾ। ਇਸ ਦੌਰਾਨ ਪ੍ਰੋਜੈਕਟ ਦੇ ਪ੍ਰਬੰਧਕਾਂ ਜੋਗਾ ਸਿੰਘ ਬਾਠ ਅਤੇ ਬਹਾਦਰ ਸਿੰਘ ਨੇ ਦੱਸਿਆ ਕਿ ਲਗਭਗ 16 ਏਕੜ ਤੋਂ ਵੱਧ ਥਾਂ ’ਚ ਫੈਲੇ ਇਸ ਪ੍ਰੋਜੈਕਟ ’ਚ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਮਿਊਜ਼ੀਅਮ ਅਤੇ ਧਿਆਨ (ਮੈਡੀਟੇਸ਼ਨ) ਲਈ ਪਾਰਕ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮਿਊਜ਼ੀਅਮ ’ਚ ਸਿੱਖ ਇਤਿਹਾਸ, ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਨਾਲ ਸਬੰਧਤ ਇਤਿਹਾਸਕ ਤੱਥਾਂ ਨੂੰ ਬ੍ਰਿਟਿਸ਼ ਲਾਇਬ੍ਰੇਰੀ ਅਤੇ ਹੋਰ ਸਰੋਤਾਂ ਤੋਂ ਇਕੱਠਾ ਕਰਕੇ ਸੰਗਤਾਂ ਦੇ ਦਰਸ਼ਨਾਂ ਲਈ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਮੌਕੇ ਹਾਜ਼ਰ ਇਲਾਕਾ ਨਿਵਾਸੀਆਂ ਅਤੇ ਐਡਵੋਕੇਟ ਵਰਿੰਦਰ ਸਿੰਘ ਢਿੱਲੋਂ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੰਬੇ ਸਮੇਂ ਤੋਂ ਰੁਕੇ ਇਸ ਇਤਿਹਾਸਕ ਕਾਰਜ ਦੇ ਮੁੜ ਸ਼ੁਰੂ ਹੋਣ ਨਾਲ ਸਮੁੱਚੀ ਸੰਗਤ ’ਚ ਖੁਸ਼ੀ ਦੀ ਲਹਿਰ ਹੈ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮੀਰੀ ਪੀਰੀ ਮੈਡੀਕਲ ਕਾਲਜ ਸ਼ਾਹਬਾਦ ਮਾਰਕੰਡਾ ਦੇ ਮੁੱਦੇ ਤੇ ਬੋਲਦਿਆਂ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਕਦੇ ਵੀ ਕਿਸੇ ਗੁਰਦੁਆਰਾ ਪ੍ਰਬੰਧ ਚ ਬਿਨਾਂ ਵਜ੍ਹਾ ਦਖ਼ਲਅੰਦਾਜ਼ੀ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਮੀਰੀ ਪੀਰੀ ਮੈਡੀਕਲ ਕਾਲਜ ਨੂੰ ਚਲਾਉਣਾ ਕਰੋੜਾਂ ਰੁਪਏ ਦਾ ਕਾਰਜ ਹੈ। ਹਾਈਕੋਰਟ ਦੇ ਫ਼ੈਸਲੇ ਅਤੇ ਐਲਪੀਏ ਤੋਂ ਬਾਅਦ ਵੀ ਜਦੋਂ ਪ੍ਰਬੰਧਕੀ ਵਫ਼ਦ ਨੇ ਮੁਲਾਕਾਤ ਕੀਤੀ ਤਾਂ ਸ਼੍ਰੋਮਣੀ ਕਮੇਟੀ ਨੇ ਸਟਾਫ਼ ਅਤੇ ਡਾਕਟਰਾਂ ਦੇ ਹਿੱਤਾਂ ਨੂੰ ਦੇਖਦਿਆਂ 1 ਕਰੋੜ 40 ਲੱਖ ਰੁਪਏ ਦੀ ਬਕਾਇਆ ਤਨਖ਼ਾਹ ਜਾਰੀ ਕੀਤੀ। ਉਨ੍ਹਾਂ ਕਿਹਾ ਕਿ ਹਸਪਤਾਲ ਚ ਨਵਾਂ ਬਲਾਕ, ਕੈਥ ਲੈਬ, ਹਾਰਟ ਆਪ੍ਰੇਸ਼ਨ ਵਰਗੀਆਂ ਸੁਵਿਧਾਵਾ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਜਿੰਨਾ ਚਿਰ ਅਦਾਲਤੀ ਫ਼ੈਸਲਾ ਨਹੀਂ ਆਉਂਦਾ, ਸ਼੍ਰੋਮਣੀ ਕਮੇਟੀ ਸਟਾਫ਼ ਦੀਆਂ ਤਨਖ਼ਾਹਾਂ ਅਤੇ ਹੋਰ ਸਹੂਲਤਾਂ ਦੀ ਜ਼ਿੰਮੇਵਾਰੀ ਨਿਭਾਉਂਦੀ ਰਹੇਗੀ। ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਹੋ ਰਹੀਆਂ ਬਹਿਸਾਂ ਤੇ ਟਿੱਪਣੀ ਕਰਦਿਆਂ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਅਸੈਂਬਲੀ ਚ ਜਿਹੜੇ ਜਨਤਕ ਅਤੇ ਵਿਕਾਸ ਦੇ ਕਾਰਜ ਹੋਣੇ ਚਾਹੀਦੇ ਸਨ, ਉਹ ਨਹੀਂ ਹੋ ਰਹੇ। ਸਰਕਾਰ ਆਪਣੀਆਂ ਨਾਕਾਮੀਆਂ ਤੋਂ ਧਿਆਨ ਭਟਕਾਉਣ ਲਈ ਧਾਰਮਿਕ ਮੁੱਦਿਆਂ ਨੂੰ ਵਿਚਾਲੇ ਲਿਆ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੈ ਜਿਵੇਂ ਸਰਕਾਰ ਕੋਲ ਸ਼੍ਰੋਮਣੀ ਕਮੇਟੀ ਨੂੰ ਟਾਰਗੇਟ ਕਰਨ ਤੋਂ ਇਲਾਵਾ ਹੋਰ ਕੋਈ ਏਜੰਡਾ ਹੀ ਨਹੀਂ ਬਚਿਆ। ਸ਼੍ਰੋਮਣੀ ਕਮੇਟੀ ਜਦੋਂ ਗੁਰਬਾਣੀ ਪ੍ਰਚਾਰ-ਪ੍ਰਸਾਰ ਕਰਦੀ ਹੈ ਜਾਂ ਗੁਰਮਤਿ ਸਿਧਾਂਤਾਂ ਦੀ ਰਾਖੀ ਕਰਦੀ ਹੈ ਤਾਂ ਸਰਕਾਰ ਆਪਣੀਆਂ ਘੜੀਆਂ ਪਰਿਭਾਸ਼ਾਵਾਂ ਰਾਹੀਂ ਸੰਸਥਾ ਤੇ ਨਿਸ਼ਾਨਾ ਸਾਧਦੀ ਹੈ, ਜੋ ਕਿ ਬਹੁਤ ਮੰਦਭਾਗਾ ਹੈ। ਸਮਾਗਮ ਦੌਰਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਐਡੀਸ਼ਨਲ ਸਕੱਤਰ ਭਗਵੰਤ ਸਿੰਘ ਧੰਗੇੜਾ, ਜਥੇਦਾਰ ਅਵਤਾਰ ਸਿੰਘ ਰਿਆ ਸਾਬਕਾ ਜੂਨੀਅਰ ਮੀਤ ਪ੍ਰਧਾਨ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਈ ਰਵਿੰਦਰ ਸਿੰਘ ਖਾਲਸਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬਾਬਾ ਗੁਰਪ੍ਰੀਤ ਸਿੰਘ ਰੰਧਾਵਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਰਘਬੀਰ ਸਿੰਘ ਸਹਾਰਨਮਾਜਰਾ ਮੈਂਬਰ ਸ਼੍ਰੋਮਣੀ ਕਮੇਟੀ, ਐਕਸੀਅਨ ਸੁਖਜਿੰਦਰ ਸਿੰਘ, ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ, ਬਾਬਾ ਗੁਲਜ਼ਾਰ ਸਿੰਘ ਕਾਰ ਸੇਵਾ ਦਿੱਲੀ ਵਾਲੇ, ਬਲਜੀਤ ਸਿੰਘ ਭੁੱਟਾ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਫਤਹਿਗੜ੍ਹ ਸਾਹਿਬ, ਸ਼ਰਨਜੀਤ ਸਿੰਘ ਚਨਾਰਥਲ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਫਤਹਿਗੜ੍ਹ ਸਾਹਿਬ, ਡਾ. ਪ੍ਰਿਤਪਾਲ ਸਿੰਘ ਵਾਈਸ ਚਾਂਸਲਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸਮੇਤ ਹੋਰ ਸ਼ਖ਼ਸੀਅਤਾਂ ਮੌਜੂਦ ਸਨ।