ਫ਼ਤਹਿਗੜ੍ਹ ਸਾਹਿਬ ਤੋਂ ਕਾਂਗਰਸ ਨੇ ਵਜਾਇਆ ਚੋਣ ਬਿਗਲ ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਨੇ ਵਜਾਇਆ ਚੋਣ ਬਿਗੁਲ
Publish Date: Fri, 31 Jul 2026 09:01 PM (IST)
Updated Date: Sat, 01 Aug 2026 04:07 AM (IST)
ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨੇ ‘ਹਰ ਬੂਥ, ਮਜ਼ਬੂਤ’ ਮੁਹਿੰਮ ਦੀ ਕੀਤੀ ਸ਼ੁਰੂਆਤ ਕਿਹਾ, ਭਾਜਪਾ ਤੇ ‘ਆਪ’ ਇੱਕੋ ਸਿੱਕੇ ਦੇ ਦੋ ਪਹਿਲੂ, ਮਜ਼ਬੂਤ ਹੋਣਗੇ ਵਰਕਰ ਤਾਂ ਕੋਈ ਨਹੀਂ ਹਰਾ ਸਕੇਗਾ ਗੁਰਪ੍ਰੀਤ ਮਹਿਕ, ਪੰਜਾਬੀ ਜਾਗਰਣ ਫਤਹਿਗੜ੍ਹ ਸਾਹਿਬ : ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨੇ ਪੰਜਾਬ ਕਾਂਗਰਸ ਨੇ ਬੂਥ ਪੱਧਰ ’ਤੇ ਲਾਮਬੰਦੀ ਤਹਿਤ ‘ਹਰ ਬੂਥ, ਮਜ਼ਬੂਤ’ ਮੁਹਿੰਮ ਦੀ ਸ਼ੁਰੂਆਤ ਕਰ ਕੇ ਫ਼ਤਹਿਗੜ੍ਹ ਸਾਹਿਬ ਤੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਾ ਬਿਗਲ ਵਜਾ ਦਿੱਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸੂਬੇ ’ਚ ਪਾਰਟੀ ਦੀ ਕਿਸਮਤ ਵਰਕਰਾਂ ਦੇ ਹੱਥ ਹੈ, ਜੇ ਵਰਕਰ ਸੰਕਲਪ ਲੈਣ ਤਾਂ ਪਾਰਟੀ ਨੂੰ ਕੋਈ ਹਰਾ ਨਹੀਂ ਸਕਦਾ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਭੁਪੇਸ਼ ਬਘੇਲ ਨੇ ਕਿਹਾ ਕਿ ਪੰਜਾਬ ’ਚ ਚੋਣਾਂ ਨੇੜੇ ਹਨ, ਜਿਨ੍ਹਾਂ ’ਤੇ ਦੇਸ਼-ਵਿਦੇਸ਼ ਦੀਆਂ ਨਜ਼ਰਾਂ ਰਹਿਣਗੀਆਂ। ਇਹ ਚੋਣਾਂ ਪੰਜਾਬ ਦੀ ਕਿਸਮਤ ਦਾ ਫ਼ੈਸਲਾ ਕਰਨਗੀਆਂ। ਕਾਂਗਰਸੀ ਵਰਕਰਾਂ ਲਈ ਇਹ ਚੋਣਾਂ ਅਹਿਮ ਹਨ, ਕਿਉਂਕਿ ਪਿਛਲੇ 5 ਸਾਲਾਂ ਦੌਰਾਨ ਉਨ੍ਹਾਂ ਨੂੰ ਧਮਕੀਆਂ, ਬੇਇੱਜ਼ਤੀ ਤੇ ਬਦਲੇ ਦੀ ਸਿਆਸਤ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ‘ਆਪ’ ਦਾ ਪੰਜਾਬ ’ਚ ਸਮਾਂ ਮੁੱਕਣ ਵਾਲਾ ਹੈ ਤੇ ਸੂਬੇ ਲਈ ਕਾਂਗਰਸ ਹੀ ਇਕਲੌਤਾ ਬਦਲ ਹੈ। ਪੰਜਾਬ ’ਚ ਇਸ ਵਾਰ 5-ਕੋਣੀ ਮੁਕਾਬਲੇ ਦੀ ਭਵਿੱਖਬਾਣੀ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਦਾ ਮੁਕਾਬਲਾ ਕੇਂਦਰ ਦੀ ਭਾਜਪਾ ਤੇ ਪੰਜਾਬ ਦੀ ‘ਆਪ’ ਸਰਕਾਰ ਨਾਲ ਹੈ, ਜੋ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਤੇ ਵਾਰਿਸ ਪੰਜਾਬ ਦੇ ਵੀ ਚੋਣ ਮੈਦਾਨ ’ਚ ਹੋਣਗੇ। ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਦੀ ਕਿਸਮਤ ਉਨ੍ਹਾਂ ਦੇ ਹੱਥ ’ਚ ਹੈ। ਹਰ ਬੂਥ ’ਤੇ ਜਿੱਤ ਨਾਲ ਹੀ ਸੂਬੇ ’ਚ ਕਾਂਗਰਸ ਦੀ ਸਰਕਾਰ ਬਣੇਗੀ, ਜੇਕਰ ਵਰਕਰ ਮਜ਼ਬੂਤ ਹੋਣ ਦਾ ਸੰਕਲਪ ਲੈਣ ਤਾਂ ਉਨ੍ਹਾਂ ਨੂੰ ਕੋਈ ਹਰਾ ਨਹੀਂ ਸਕਦਾ। ਬਘੇਲ ਨੇ ਕਿਹਾ ਕਿ ਕੇਂਦਰ ’ਚ ਭਾਜਪਾ ਵਾਂਗ ਪੰਜਾਬ ’ਚ ਆਮ ਆਦਮੀ ਪਾਰਟੀ ਵੀ ਬਦਲੇ ਦੀ ਭਾਵਨਾ ਨਾਲ ਕੰਮ ਕਰਦੀ ਹੈ, ਜਦਕਿ ਕਾਂਗਰਸ ਨੇ ਕਦੇ ਬਦਲੇ ਦੀ ਸਿਆਸਤ ’ਤੇ ਭਰੋਸਾ ਨਹੀਂ ਕੀਤਾ। ਰਾਹੁਲ ਗਾਂਧੀ ਦਾ ਹਵਾਲਾ ਦਿੰਦਿਆਂ ਬਘੇਲ ਨੇ ਕਿਹਾ ਕਿ ਇਹ ਚੋਣਾਂ ਸਿਧਾਂਤਾਂ ਤੇ ਵਿਚਾਰਧਾਰਾ ਦੀ ਲੜਾਈ ਹਨ। ਇਹ ਦੇਸ਼ ਦੀ ਏਕਤਾ, ਭਾਈਚਾਰੇ ਤੇ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਹੈ, ਜਿਸ ਨੂੰ ਅੱਜ ਗੰਭੀਰ ਖ਼ਤਰਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ‘ਆਪ’ ਸਰਕਾਰ ਦੀ ਵਿਦਾਈ ਦਾ ਸਮਾਂ ਆ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਸਿਰਫ਼ 1000 ਕਰੋੜ ਰੁਪਏ ਦੇ ਇਸ਼ਤਿਹਾਰੀ ਬਜਟ ਸਹਾਰੇ ਚੱਲ ਰਹੇ ਹਨ। ਪ੍ਰਚਾਰ ਰੁਕਦਿਆਂ ਹੀ ਉਨ੍ਹਾਂ ਦੀ ਸਿਆਸੀ ਆਕਸੀਜਨ ਬੰਦ ਹੋ ਜਾਵੇਗੀ ਤੇ ਸਰਕਾਰ ਡਿੱਗ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਮਜ਼ਬੂਤ ਤੇ ਇਕਜੁੱਟ ਹੈ। ਮੀਡੀਆ ਕਾਂਗਰਸ ਦੇ ਮਾਮੂਲੀ ਮਤਭੇਦਾਂ ਨੂੰ ਵੱਡਾ ਕਰ ਕੇ ਦਿਖਾਉਂਦਾ ਹੈ, ਜਦਕਿ ‘ਆਪ’ ਦੇ 6 ਸੰਸਦ ਮੈਂਬਰ ਭਾਜਪਾ ’ਚ ਜਾ ਚੁੱਕੇ ਹਨ ਤੇ 60 ਤੋਂ ਵੱਧ ਵਿਧਾਇਕ ਭਾਜਪਾ ਦੇ ਸੰਪਰਕ ’ਚ ਹਨ। ਵੜਿੰਗ ਨੇ ਕਿਹਾ ਕਿ ਕਾਂਗਰਸ ਦਾ ਕੋਈ ਵੀ ਸੰਸਦ ਮੈਂਬਰ ਜਾਂ ਵਿਧਾਇਕ ਭਾਜਪਾ ’ਚ ਨਹੀਂ ਗਿਆ। ਇਸ ਮੌਕੇ ਸਾਬਕਾ ਐੱਮਪੀ ਸ਼ਮਸ਼ੇਰ ਸਿੰਘ ਦੂਲੋ, ਸਾਬਕਾ ਮੰਤਰੀ ਬ੍ਰਹਮ ਮਹਿੰਦਰਾ, ਐੱਮਪੀ ਡਾ. ਅਮਰ ਸਿੰਘ, ਸੀਨੀਅਰ ਕਾਂਗਰਸੀ ਨੇਤਾ ਕੁਲਜੀਤ ਸਿੰਘ ਨਾਗਰਾ, ਡਾ. ਰਾਜ ਕੁਮਾਰ ਵੇਰਕਾ, ਹੇਨਾ ਕੈਵਰੇ, ਕੁਲਬੀਰ ਜ਼ੀਰਾ, ਕੈਪਟਨ ਸੰਦੀਪ ਸੰਧੂ, ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ, ਕਸਤੂਰੀ ਲਾਲ ਮਿੰਟੂ, ਇੰਟਕ ਜ਼ਿਲ੍ਹਾ ਪ੍ਰਧਾਨ ਕ੍ਰਿਸ਼ਨ ਯਾਦਵ ਸਣੇ ਵੱਖ-ਵੱਖ ਜ਼ਿਲ੍ਹਾ ਤੇ ਬਲਾਕ ਕਮੇਟੀਆਂ ਦੇ ਪ੍ਰਧਾਨ ਮੌਜੂਦ ਸਨ। ਬਾਕਸ-- ਜੇ ਟਿਕਟ ਵੀ ਨਾ ਮਿਲੇ ਤਾਂ ਵੀ ਕਾਂਗਰਸ ’ਚ ਹੀ ਰਹਾਂਗਾ : ਵੜਿੰਗ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਉਹ ਕਾਂਗਰਸੀ ਵਜੋਂ ਜੀਏ ਹਨ ਤੇ ਕਾਂਗਰਸੀ ਵਜੋਂ ਹੀ ਮਰਨਗੇ। ਉਨ੍ਹਾਂ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਬਹੁਤ ਸਨਮਾਨ ਤੇ ਜ਼ਿੰਮੇਵਾਰੀਆਂ ਦਿੱਤੀਆਂ ਹਨ। ਪਾਰਟੀ ’ਚ ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਅਤੇ ਚਰਨਜੀਤ ਸਿੰਘ ਚੰਨੀ ਵਰਗੇ ਕਈ ਸੀਨੀਅਰ ਆਗੂ ਹਨ, ਜਿਨ੍ਹਾਂ ਦਾ ਉਹ ਹਮੇਸ਼ਾ ਸਤਿਕਾਰ ਕਰਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਸੂਬਾ ਕਾਂਗਰਸ ਦੀ ਪ੍ਰਧਾਨਗੀ ਤਾਂ ਛੱਡੋ, ਜੇਕਰ ਟਿਕਟ ਵੀ ਨਾ ਮਿਲੇ ਤਾਂ ਵੀ ਉਹ ਕਾਂਗਰਸ ਨਾਲ ਹੀ ਰਹਿਣਗੇ।