- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫ਼ਰਦ ਕੇਂਦਰ ਕੰਪਿਊਟਰ ਆਪਰੇਟਰਾਂ ਵੱਲੋਂ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ‘ਇੰਨਲਿਸਟਮੈਂਟ-ਆਊਟਸੋਰਸ ਤਾਲਮੇਲ ਕਮੇਟੀ ਪੰਜਾਬ’ ਦੇ ਬੈਨਰ ਹੇਠ ‘ਫ਼ਰਦ ਕੇਂਦਰ ਕੰਪਿਊਟਰ ਆਪਰੇਟਰ ਐਸੋਸੀਏਸ਼ਨ (ਰਜਿ. ਨੰ. 132)’ ਵੱਲੋਂ ਦੁਸਹਿਰੇ ਵਾਲੇ ਦਿਨ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਤੇ ਵਾਅਦਾ ਖ਼ਿਲਾਫ਼ੀ ਖ਼ਿਲਾਫ਼ ਸੂਬਾ ਪੱਧਰੀ ਰੋਸ ਵਜੋਂ ਸਰਕਾਰ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ। ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਪ੍ਰਮੁੱਖ ਆਗੂਆਂ ਨੇ ਕਿਹਾ ਕਿ ਫ਼ਰਦ ਕੇਂਦਰਾਂ ’ਚ ਕੰਪਿਊਟਰ ਆਪਰੇਟਰ ਪਿਛਲੇ ਲੰਮੇ ਸਮੇਂ ਤੋਂ ਇਮਾਨਦਾਰੀ ਅਤੇ ਤਨਦੇਹੀ ਨਾਲ ਮਾਲ ਵਿਭਾਗ ਦੀਆਂ ਜ਼ਰੂਰੀ ਸੇਵਾਵਾਂ ਲੋਕਾਂ ਤੱਕ ਪਹੁੰਚਾ ਰਹੇ ਹਨ, ਪਰ ਮੌਜੂਦਾ ਸਰਕਾਰ ਵੱਲੋਂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਨਵੇਂ ਬਿੱਲ 2026 ਵਿਚ ਇੰਨਲਿਸਟਮੈਂਟ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਸ਼ਾਮਲ ਨਾ ਕਰਕੇ ਵੱਡਾ ਧੋਖਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਮੁਲਾਜ਼ਮ ਵਰਗ ’ਚ ਭਾਰੀ ਰੋਸ ਅਤੇ ਬੇਚੈਨੀ ਪਾਈ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਫ਼ਰਦ ਕੇਂਦਰ ਕੰਪਿਊਟਰ ਆਪਰੇਟਰਾਂ ਸਮੇਤ ਸਮੂਹ ਇੰਨਲਿਸਟਮੈਂਟ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਇਸ ਬਿੱਲ ਦੇ ਦਾਇਰੇ ’ਚ ਤੁਰੰਤ ਸ਼ਾਮਲ ਕੀਤਾ ਜਾਵੇ ਅਤੇ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਸਾਰੀਆਂ ਜਾਇਜ਼ ਮੰਗਾਂ ਬਿਨਾਂ ਦੇਰੀ ਪ੍ਰਵਾਨ ਕੀਤੀਆਂ ਜਾਣ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਸਮਾਂ ਰਹਿੰਦੇ ਮੰਗਾਂ ਦਾ ਹੱਲ ਨਾ ਕੀਤਾ ਤਾਂ 25 ਅਕਤੂਬਰ 2026 ਨੂੰ ਧੂਰੀ ਸ਼ਹਿਰ ਦਾ ਮੁਕੰਮਲ ਚੱਕਾ ਜਾਮ ਕੀਤਾ ਜਾਵੇਗਾ। ਇਸ ਦੌਰਾਨ ਆਮ ਜਨਤਾ ਨੂੰ ਹੋਣ ਵਾਲੀ ਖੱਜਲ-ਖ਼ੁਆਰੀ ਅਤੇ ਅਮਨ-ਕਾਨੂੰਨ ਦੀ ਸਥਿਤੀ ਦੀ ਸਮੁੱਚੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਦੀ ਹੋਵੇਗੀ। ਇਸ ਰੋਸ ਪ੍ਰਦਰਸ਼ਨ ਮੌਕੇ ਜ਼ਿਲ੍ਹਾ ਪ੍ਰਧਾਨ ਮੋਹਿਤ ਵਰਮਾ, ਸੂਬਾ ਸਕੱਤਰ ਸਤਨਾਮ ਸਿੰਘ, ਖ਼ਜ਼ਾਨਚੀ ਗੁਰਮੀਤ ਸਿੰਘ ਅਤੇ ਜ਼ਿਲ੍ਹਾ ਨੁਮਾਇੰਦਾ ਮੰਗਲ ਦਾਸ ਸਮੇਤ ਹੋਰ ਆਗੂ ਮੌਜੂਦ ਸਨ।