- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੈਨਿਕ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਵਿਖੇ ਸਵੱਛਤਾ ਜਾਗਰੂਕਤਾ ਸੈਸ਼ਨ ਕਰਵਾਇਆ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸੈਨਿਕ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਫਤਹਿਗੜ੍ਹ ਸਾਹਿਬ ਵਿਖੇ ‘ਸਵੱਛਤਾ ਹੀ ਸੇਵਾ’ ਮੁਹਿੰਮ 2026 ਤਹਿਤ ਸਿਖਿਆਰਥੀਆਂ ਲਈ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ। ਇਸ ਦੌਰਾਨ ਸਵੱਛ ਪਾਠਸ਼ਾਲਾ ਤਹਿਤ ਨੌਜਵਾਨਾਂ ਨੂੰ ਠੋਸ ਰਹਿੰਦ-ਖੂੰਹਦ ਪ੍ਰਬੰਧਨ, ਸਵੱਛਤਾ ਗਿਆਨ ਯਾਤਰਾ, ਜਲ ਪ੍ਰਬੰਧਨ, ਮੀਂਹ ਦੇ ਪਾਣੀ ਦੀ ਸਾਂਭ-ਸੰਭਾਲ, ਕਿਤਾਬਾਂ, ਕੱਪੜੇ ਤੇ ਗੈਜੇਟਸ ਦਾਨ ਕਰਨ ਅਤੇ ਕੰਧ ਚਿੱਤਰਕਾਰੀ ਮੁਕਾਬਲਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਮਾਂਡਰ ਬਲਜਿੰਦਰ ਵਿਰਕ (ਰਿਟਾ.) ਨੇ ਦੱਸਿਆ ਕਿ ਮੁਹਿੰਮ ਦੌਰਾਨ ਆਵਾਜਾਈ ਵਾਲੀਆਂ ਥਾਵਾਂ, ਸੈਲਾਨੀ ਕੇਂਦਰਾਂ, ਬਾਜ਼ਾਰਾਂ, ਮੁਹੱਲਿਆਂ, ਸਰਕਾਰੀ ਦਫ਼ਤਰਾਂ, ਵਿੱਦਿਅਕ ਅਦਾਰਿਆਂ, ਸਿਹਤ ਕੇਂਦਰਾਂ, ਜਨਤਕ ਪਖਾਨਿਆਂ ਅਤੇ ਜਲ ਸਰੋਤਾਂ ਦੀ ਸਫ਼ਾਈ ਸਮੇਤ ਪਲਾਸਟਿਕ ਮੁਕਤ ਬਾਜ਼ਾਰ ਅਤੇ ਸਾਫ਼ ਕੈਂਪਸ ਪਹਿਲਕਦਮੀਆਂ ਬਾਰੇ ਜਾਗਰੂਕ ਕੀਤਾ ਗਿਆ। ਉਨ੍ਹਾਂ ਸਿਖਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਘਰਾਂ ਅਤੇ ਹੋਰਨਾਂ ਥਾਵਾਂ ਤੋਂ ਨਿਕਲਣ ਵਾਲਾ ਕੂੜਾ ਸਿਰਫ਼ ਨਗਰ ਕੌਂਸਲ ਵੱਲੋਂ ਤਾਇਨਾਤ ਕਰਮਚਾਰੀਆਂ ਨੂੰ ਹੀ ਸੌਂਪਿਆ ਜਾਵੇ ਜਾਂ ਨਿਰਧਾਰਤ ਕੂੜੇਦਾਨਾਂ ’ਚ ਹੀ ਸੁੱਟਿਆ ਜਾਵੇ। ਉਨ੍ਹਾਂ ਕੂੜੇ ਦਾ ਸਹੀ ਵਰਗੀਕਰਨ ਕਰਨ ਦੀ ਮਹੱਤਤਾ ਬਾਰੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਕੂੜੇ ਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਕਰਨਾ ਸਾਫ਼-ਸੁਥਰੇ ਵਾਤਾਵਰਣ ਦੀ ਸਿਰਜਣਾ ਲਈ ਬੇਹੱਦ ਜ਼ਰੂਰੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਵੱਛਤਾ ਮੁਹਿੰਮ ਨੂੰ ਇੱਕ ਲੋਕ ਲਹਿਰ ਬਣਾਉਣ ਅਤੇ ਆਪਣੇ ਆਲੇ-ਦੁਆਲੇ ਨੂੰ ਸੁੰਦਰ ਬਣਾਉਣ ਲਈ ਸਰਗਰਮ ਸਹਿਯੋਗ ਦੇਣ ਦਾ ਸੱਦਾ ਦਿੱਤਾ।