- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੀਫ਼ ਜਸਟਿਸ ਸ਼ੀਲ ਨਾਗੂ ਨੇ ਖਮਾਣੋਂ ਵਿਖੇ ਬਣੇ ਨਵੇਂ ਫੈਮਿਲੀ ਕੋਰਟ ਕੰਪਲੈਕਸ ਦਾ ਕੀਤਾ ਉਦਘਾਟਨ

ਕੰਗ, ਪੰਜਾਬੀ ਜਾਗਰਣ, ਖਮਾਣੋ : ਆਮ ਲੋਕਾਂ ਨੂੰ ਤੇਜ਼, ਸੁਗਮ ਤੇ ਪ੍ਰਭਾਵਸ਼ਾਲੀ ਨਿਆਂ ਪ੍ਰਦਾਨ ਕਰਨ ਵੱਲ ਇਕ ਮਹੱਤਵਪੂਰਨ ਕਦਮ ਚੁੱਕਦਿਆਂ ਅੱਜ ਖਮਾਣੋਂ ਵਿਚ ਨਵੇਂ ਬਣੇ ਫੈਮਿਲੀ ਕੋਰਟ ਕੰਪਲੈਕਸ ਦਾ ਚੀਫ਼ ਜਸਟਿਸ ਪੰਜਾਬ ਤੇ ਹਰਿਆਣਾ ਹਾਈਕੋਰਟ ਜਸਟਿਸ ਸ਼ੀਲ ਨਾਗੂ ਨੇ ਉਦਘਾਟਨ ਕੀਤਾ। ਇਸ ਮੌਕੇ ਜਗਮੋਹਨ ਬਾਂਸਲ ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ, ਪ੍ਰਬੰਧਕੀ ਜੱਜ ਫਤਹਿਗੜ੍ਹ ਸਾਹਿਬ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਅਰੁਣ ਗੁਪਤਾ ਵੀ ਮੌਜੂਦ ਸਨ l ਚੀਫ ਜਸਟਿਸ ਸ਼ੀਲ ਨਾਗੂ ਨੇ ਕਿਹਾ ਕਿ ਪਰਿਵਾਰਕ ਮਾਮਲਿਆਂ ਨਾਲ ਸੰਬੰਧਿਤ ਕੇਸਾਂ ਵਿਚ ਸਮੇਂ ਸਿਰ ਨਿਆਂ ਪ੍ਰਦਾਨ ਕਰਨਾ ਬਹੁਤ ਜ਼ਰੂਰੀ ਹੈ। ਨਵਾਂ ਫੈਮਿਲੀ ਕੋਰਟ ਕੰਪਲੈਕਸ ਇਸ ਦਿਸ਼ਾ ਵਿਚ ਇਕ ਮੀਲ ਪੱਥਰ ਸਾਬਤ ਹੋਵੇਗਾ ਅਤੇ ਮਾਮਲਿਆਂ ਦੀ ਸੁਣਵਾਈ ਨੂੰ ਤੇਜ਼਼ ਅਤੇ ਪਾਰਦਰਸ਼ੀ ਬਣਾਉਣ ਵਿਚ ਸਹਾਇਕ ਹੋਵੇਗਾ। ਉਨ੍ਹਾਂ ਕਿਹਾ ਕਿ ਕਾਨੂੰਨੀ ਨਿਆਂ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਕੰਪਲੈਕਸ ਦੀ ਸਥਾਪਨਾ ਵੀ ਉਸੇ ਯਤਨ ਦਾ ਹਿੱਸਾ ਹੈ। ਇਸ ਨਾਲ ਨਾ ਸਿਰਫ਼ ਜੁਡੀਸ਼ੀਅਲ ਮਾਮਲਿਆਂ ਦਾ ਬੋਝ ਘਟੇਗਾ, ਸਗੋਂ ਲੋਕਾਂ ਨੂੰ ਇਕ ਹੀ ਥਾਂ ’ਤੇ ਸਾਰੀਆਂ ਲੋੜੀਂਦੀਆਂ ਸਹੂਲਤਾਂ ਪ੍ਰਾਪਤ ਹੋਣਗੀਆਂ। ਉਨ੍ਹਾਂ ਕਿਹਾ ਕਿ ਨਵੇਂ ਫੈਮਿਲੀ ਕੋਰਟ ਕੰਪਲੈਕਸ ਦੀ ਇਮਾਰਤ ਵਿਚ ਆਧੁਨਿਕ ਅਦਾਲਤੀ ਕਮਰੇ, ਖੁੱਲ੍ਹੇ ਅਤੇ ਸੁਵਿਧਾਜਨਕ ਉਡੀਕ ਹਾਲ, ਵਕੀਲਾਂ ਲਈ ਵੱਖਰੇ ਚੈਂਬਰ, ਕੌਂਸਲਿੰਗ ਰੂਮ, ਰਿਕਾਰਡ ਰੂਮ ਅਤੇ ਡਿਜ਼ਿਟਲ ਸਹੂਲਤਾਂ ਉਪਲਬਧ ਹਨ। ਉਨ੍ਹਾਂ ਦੱਸਿਆ ਕਿ ਮਹਿਲਾਵਾਂ ਅਤੇ ਬੱਚਿਆਂ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ, ਜਿਵੇਂ ਕਿ ਵੱਖਰਾ ਉਡੀਕ ਖੇਤਰ ਅਤੇ ਕੌਂਸਲਿੰਗ ਸਹੂਲਤਾਂ। ਅਪਾਹਜ ਵਿਅਕਤੀਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਰੈਂਪ, ਲਿਫ਼ਟ ਅਤੇ ਹੋਰ ਲੋੜੀਂਦੀਆਂ ਸੁਵਿਧਾਵਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ। ਪਾਰਕਿੰਗ ਅਤੇ ਸੁਰੱਖਿਆ ਦੇ ਵੀ ਉਚਿਤ ਪ੍ਰਬੰਧ ਕੀਤੇ ਗਏ ਹਨ।