ਦੇਸ਼ ਭਗਤ ਰੇਡੀਓ ਵੱਲੋਂ ਮਨਾਇਆ ‘ਚੰਡੀਗੜ੍ਹ ਬਾਲੀਵੁੱਡ ਦਿਵਸ’
ਦੇਸ਼ ਭਗਤ ਰੇਡੀਓ ਵੱਲੋਂ ਮਨਾਇਆ ਗਿਆ ‘ਚੰਡੀਗੜ੍ਹ ਬਾਲੀਵੁੱਡ ਦਿਵਸ’
Publish Date: Sun, 05 Apr 2026 04:27 PM (IST)
Updated Date: Sun, 05 Apr 2026 04:28 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਦੇਸ਼ ਭਗਤ ਰੇਡੀਓ 107. 8 ਐਫਐਮ (ਆਪ ਕੀ ਆਵਾਜ਼) ਵੱਲੋਂ ‘ਚੰਡੀਗੜ੍ਹ ਬਾਲੀਵੁੱਡ ਦਿਵਸ’ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਟੇਸ਼ਨ ਹੈੱਡ ਸੰਗਮਿਤਰਾ ਦੀ ਰਹਿਨੁਮਾਈ ਹੇਠ ਕੇਕ ਕਟਿੰਗ ਸਮਾਰੋਹ ਕੀਤਾ ਗਿਆ। ਸਮਾਗਮ ਵਿਚ ਪੰਜਾਬੀ ਸੰਗੀਤ ਅਤੇ ਫ਼ਿਲਮ ਉਦਯੋਗ ਦੀਆਂ ਕਈ ਪ੍ਰਮੁੱਖ ਹਸਤੀਆਂ ਸ਼ਾਮਲ ਹੋਈਆਂ, ਜਿਨ੍ਹਾਂ ਵਿਚ ਪ੍ਰਸਿੱਧ ਫ਼ਿਲਮ ਨਿਰਮਾਤਾ ਅਤੇ ਅਦਾਕਾਰ ਦਰਸ਼ਨ ਔਲਖ, ਵਿਮਲ ਤ੍ਰਿਖਾ (ਚੰਡੀਗੜ੍ਹ ਬਾਲੀਵੁੱਡ ਫੈਸਿਲਿਟੇਸ਼ਨ ਸੈੱਲ ਦੇ ਸੰਸਥਾਪਕ ਮੈਂਬਰ) ਅਤੇ ਫ਼ਿਲਮ ਨਿਰਮਾਤਾ ਜਸਬੀਰ ਢਿੱਲੋਂ ਸ਼ਾਮਲ ਸਨ। ਸਾਰੇ ਵਿਸ਼ੇਸ਼ ਮਹਿਮਾਨਾਂ ਨੇ ਇਸ ਮਹੱਤਵਪੂਰਨ ਦਿਨ ਨੂੰ ਮਨਾਉਣ ਲਈ ਦੇਸ਼ ਭਗਤ ਰੇਡੀਓ ਦੀ ਪਹਿਲ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਅਤੇ ਦੇਸ਼ ਭਗਤ ਯੂਨਾਈਟਡ ਅਤੇ ਦੇਸ਼ ਭਗਤ ਰੇਡੀਓ ਦੇ ਚੇਅਰਮੈਨ ਡਾ. ਜੋਰਾ ਸਿੰਘ ਨੇ ਕਿਹਾ ਕਿ ਇਸੇ ਦਿਨ ਤੋਂ ਚੰਡੀਗੜ੍ਹ ਵਿਚ ਬਾਲੀਵੁੱਡ ਦੇ ਸਿਤਾਰੇ ਅਤੇ ਡਾਇਰੈਕਟਰ ਫ਼ਿਲਮਾਂ ਦੀ ਸ਼ੂਟਿੰਗ ਲਈ ਆਉਣ ਲੱਗੇ। ਇਸ ਤੋਂ ਬਾਅਦ ਪੰਜਾਬੀ ਫ਼ਿਲਮ ਨਿਰਦੇਸ਼ਕਾਂ ਨੇ ਵੀ ਚੰਡੀਗੜ੍ਹ ਅਤੇ ਟਰਾਈਸਿਟੀ ਨੂੰ ਆਪਣੀਆਂ ਮਨਪਸੰਦ ਸ਼ੂਟਿੰਗ ਥਾਵਾਂ ਵਜੋਂ ਚੁਣਨਾ ਸ਼ੁਰੂ ਕੀਤਾ। ਦੇਸ਼ ਭਗਤ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਅਤੇ ਦੇਸ਼ ਭਗਤ ਰੇਡੀਓ ਦੇ ਡਾਇਰੈਕਟਰ ਇੰਜੀ. ਸੰਦੀਪ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਦੇ ਨਾਲ ਹੀ, ਪ੍ਰੋ-ਚਾਂਸਲਰ ਡਾ. ਤੇਜ਼ਿੰਦਰ ਕੌਰ ਨੇ ਇਸ ਵਿਸ਼ੇਸ਼ ਦਿਨ ਦੀ ਮਹੱਤਤਾ ਉਜਾਗਰ ਕੀਤੀ। ਗੌਰਤਲਬ ਹੈ ਕਿ 3 ਅਪ੍ਰੈਲ ਦਾ ਦਿਨ ਚੰਡੀਗੜ੍ਹ ਅਤੇ ਬਾਲੀਵੁੱਡ ਦੇ ਸੰਬੰਧਾਂ ਲਈ ਇਤਿਹਾਸਕ ਮਹੱਤਤਾ ਰੱਖਦਾ ਹੈ। ਇਸ ਦਿਨ ਭਾਰਤੀ ਫ਼ਿਲਮ ਉਦਯੋਗ ਦੇ ਪ੍ਰਸਿੱਧ ਸਿਤਾਰੇ ਅਮਿਤਾਭ ਬੱਚਨ, ਸ਼ਾਹਰੁਖ ਖਾਨ, ਰਾਣੀ ਮੁਖਰਜੀ, ਪ੍ਰੀਤੀ ਜ਼ਿੰਟਾ, ਹੇਮਾ ਮਾਲਿਨੀ ਅਤੇ ਮਸ਼ਹੂਰ ਫ਼ਿਲਮਕਾਰ ਯਸ਼ ਚੋਪੜਾ ਅਤੇ 200 ਤੋਂ ਵੱਧ ਮੈਂਬਰਾਂ ਦੀ ਟੀਮ ਨਾਲ ਹੋਟਲ ਮਾਊਂਟਵਿਊ ਵਿਚ ਫ਼ਿਲਮ ‘ਵੀਰਜ਼ਾਰਾ’ ਦੀ ਸ਼ੂਟਿੰਗ ਲਈ ਇਕੱਠੇ ਹੋਏ ਸਨ। ਇਸ ਫ਼ਿਲਮ ਦੀ ਚੰਡੀਗੜ੍ਹ ਅਤੇ ਆਸ-ਪਾਸ ਸ਼ੂਟਿੰਗ ਦਾ ਪ੍ਰਬੰਧ ਦਰਸ਼ਨ ਔਲਖ ਦੀ ਪ੍ਰੋਡਕਸ਼ਨ ਟੀਮ ਵੱਲੋਂ ਕੀਤਾ ਗਿਆ ਸੀ। ਇਹ ਇਤਿਹਾਸਕ ਪਲ ਅੱਜ ਵੀ ਚੰਡੀਗੜ੍ਹ ਨੂੰ ਬਾਲੀਵੁੱਡ ਅਤੇ ਪੰਜਾਬੀ ਫ਼ਿਲਮਾਂ ਲਈ ਇਕ ਪ੍ਰਮੁੱਖ ਕੇਂਦਰ ਵਜੋਂ ਦਰਸਾਉਂਦਾ ਹੈ।