- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫ਼ੈਕਟਰੀ ’ਚੋਂ ਲੱਖਾਂ ਦੇ ਸਾਮਾਨ ਦੀ ਚੋਰੀ ਦੇ ਮਾਮਲੇ ’ਚ 3 ਔਰਤਾਂ ਸਮੇਤ 7 ਖ਼ਿਲਾਫ਼ ਮਾਮਲਾ ਦਰਜ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਥਾਣਾ ਸਰਹਿੰਦ ਅਧੀਨ ਪੈਂਦੇ ਪਿੰਡ ਭੱਟਮਾਜਰਾ ਵਿਖੇ ਇਕ ਪ੍ਰਾਈਵੇਟ ਫ਼ੈਕਟਰੀ ’ਚੋਂ ਸਾਮਾਨ ਚੋਰੀ ਕਰ ਕੇ ਖ਼ੁਰਦ-ਬੁਰਦ ਕਰਨ ਦੇ ਦੋਸ਼ ਹੇਠ ਪੁਲਿਸ ਨੇ ਤਿੰਨ ਔਰਤਾਂ ਸਮੇਤ 7 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਚੌਕੀ ਨਬੀਪੁਰ ਦੇ ਇੰਚਾਰਜ ਹਰਮਿੰਦਰ ਸਿੰਘ ਅਨੁਸਾਰ ਮੁਕੇਸ਼ ਕੁਮਾਰ ਨੇ ਸ਼ਿਕਾਇਤ ਦਿੱਤੀ ਸੀ ਕਿ ਹਰੀਸ਼, ਰੇਨੂ ਬਾਲਾ, ਸੰਗੀਤਾ ਰਾਣੀ, ਸ਼ਿਵ ਕੁਮਾਰ, ਦਵਿੰਦਰ ਕੁਮਾਰ, ਮਨੀਸ਼ ਕੁਮਾਰ ਤੇ ਮੀਨਾ ਰਾਣੀ ਨੇ ਸੀਸੀਟੀਵੀ ਕੈਮਰੇ ਤੇ ਜਿੰਦੇ ਤੋੜ ਕੇ ਫ਼ੈਕਟਰੀ ’ਚੋਂ 8-10 ਲੱਖ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਪੁਲਿਸ ਨੇ ਪੜਤਾਲ ਮਗਰੋਂ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਮੁਲਜ਼ਮ ਦਵਿੰਦਰ ਕੁਮਾਰ ਅਤੇ ਮਨੀਸ਼ ਕੁਮਾਰ ਖ਼ਿਲਾਫ਼ ਪਹਿਲਾਂ ਵੀ ਇਕ-ਇਕ ਕੇਸ ਦਰਜ ਹੈ। ਸ਼ਿਕਾਇਤਕਰਤਾ ਮੁਕੇਸ਼ ਕੁਮਾਰ ਨੇ ਦੋਸ਼ ਲਾਇਆ ਕਿ ਦਵਿੰਦਰ ਕੁਮਾਰ ਅਤੇ ਉਸ ਦੇ ਸਾਥੀਆਂ ਨੇ ਉਸ ਦੇ ਖ਼ਾਲੀ ਚੈੱਕ ਬਾਊਂਸ ਕਰਵਾ ਕੇ ਅਦਾਲਤ ’ਚ ਝੂਠੇ ਕੇਸ ਪਾਏ ਹੋਏ ਹਨ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਦੂਜੇ ਪਾਸੇ ਦਵਿੰਦਰ ਕੁਮਾਰ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਮਾਮਲਾ ਸਿਆਸਤ ਤੋਂ ਪ੍ਰੇਰਿਤ ਹੈ। ਉਨ੍ਹਾਂ ਦਾਅਵਾ ਕੀਤਾ ਕਿ ਫ਼ੈਕਟਰੀ ਵਾਲੀ ਜ਼ਮੀਨ ਦੀ ਰਜਿਸਟਰੀ ਉਨ੍ਹਾਂ ਦੀ ਭਰਜਾਈ ਰੇਨੂ ਬਾਲਾ ਦੇ ਨਾਮ ਹੈ ਅਤੇ ਮੁਕੇਸ਼ ਕੁਮਾਰ 2 ਸਾਲ ਪਹਿਲਾਂ ਹੀ ਆਪਣਾ ਸਾਮਾਨ ਲੈ ਜਾ ਚੁੱਕਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਮੁਕੇਸ਼ ਕੁਮਾਰ ਖ਼ਿਲਾਫ਼ ਅਦਾਲਤ ’ਚ ਪਹਿਲਾਂ ਹੀ 75-80 ਲੱਖ ਰੁਪਏ ਦੇ ਕੇਸ ਚੱਲ ਰਹੇ ਹਨ ਅਤੇ ਉਹ ਝੂਠੇ ਕੇਸਾਂ ਦਾ ਡਰਾਵਾ ਦੇ ਕੇ ਪੈਸੇ ਮੰਗ ਰਿਹਾ ਹੈ।