- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਂਭ-ਸੰਭਾਲ ਖ਼ੁਣੋਂ ਖੰਡਰ ਬਣ ਰਿਹਾ 55 ਲੱਖ ਰੁਪਏ ਦੀ ਲਾਗਤ ਨਾਲ ਨਵਿਆਇਆ ਨਹਿਰੀ ਵਿਸ਼ਰਾਮ ਘਰ

ਬ੍ਰਿਜ ਭੂਸ਼ਣ ਗਰਗ, ਪੰਜਾਬੀ ਜਾਗਰਣ, ਅਮਲੋਹ : ਵਿਭਾਗੀ ਅਣਦੇਖੀ ਅਤੇ ਸਾਂਭ-ਸੰਭਾਲ ਦੀ ਘਾਟ ਕਾਰਨ ਲੱਖਾਂ ਰੁਪਏ ਖ਼ਰਚਣ ਦੇ ਬਾਵਜੂਦ ਸਰਕਾਰੀ ਇਮਾਰਤਾਂ ਖੰਡਰ ਦਾ ਰੂਪ ਧਾਰਨ ਕਰ ਰਹੀਆਂ ਹਨ। ਸੂਬੇ ’ਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਜਲ ਸਰੋਤ ਵਿਭਾਗ ਅਧੀਨ ਆਉਂਦੇ ਨਹਿਰੀ ਵਿਸ਼ਰਾਮ ਘਰਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਪਰ ਅਧਿਕਾਰੀਆਂ ਦੀ ਕਥਿਤ ਅਣਗਹਿਲੀ ਕਾਰਨ ਸਰਕਾਰ ਦਾ ਇਹ ਪੈਸਾ ਬਰਬਾਦ ਹੋ ਰਿਹਾ ਹੈ ਅਤੇ ਇਹ ਵਿਸ਼ਰਾਮ ਘਰ ਚਿੱਟਾ ਹਾਥੀ ਸਾਬਤ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਦੇ ਜਲ ਸਰੋਤ, ਮਾਈਨਿੰਗ ਅਤੇ ਜਿਆਲੋਜੀ, ਭੂਮੀ ਤੇ ਜਲ ਰੱਖਿਆ ਮੰਤਰੀ ਬਰਿੰਦਰ ਗੋਇਲ ਦੀ ਰਹਿਨੁਮਾਈ ਹੇਠ 55 ਲੱਖ ਰੁਪਏ ਦੀ ਲਾਗਤ ਨਾਲ ਨਹਿਰੀ ਵਿਸ਼ਰਾਮ ਘਰ ਭਰਥਲਾ ਜੋੜੇ ਪੁਲ ਦੇ ਨਵੀਨੀਕਰਨ ਦੇ ਕੰਮ ਦਾ ਉਦਘਾਟਨ ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰ ਵੱਲੋਂ 15 ਅਗਸਤ 2026 ਨੂੰ ਕੀਤਾ ਗਿਆ ਸੀ। ਇਸ ਦਾ ਮੁੱਖ ਮਕਸਦ ਸੂਬੇ ’ਚ ਸੈਰ-ਸਪਾਟੇ ਨੂੰ ਹੁਲਾਰਾ ਦੇਣਾ ਸੀ। ਇਸ ਨਹਿਰੀ ਵਿਸ਼ਰਾਮ ਘਰ ਵਿੱਚ ਕਈ ਏਸੀ ਕਮਰੇ ਅਤੇ ਪਖਾਨੇ ਤਿਆਰ ਕੀਤੇ ਗਏ ਹਨ। ਨਹਿਰ ਕਿਨਾਰੇ ਸਥਿਤ ਇਸ ਵਿਸ਼ਰਾਮ ਘਰ ਦੀ ਦਿੱਖ ਕਿਸੇ ਪਹਾੜੀ ਇਲਾਕੇ ਵਰਗੀ ਜਾਪਦੀ ਹੈ। ਇਸ ਦੇ ਬਾਵਜੂਦ ਸਾਂਭ-ਸੰਭਾਲ ਨਾ ਹੋਣ ਕਾਰਨ ਨਵਿਆਇਆ ਗਿਆ ਇਹ ਵਿਸ਼ਰਾਮ ਘਰ ਮੁੜ ਖ਼ਸਤਾਹਾਲ ਹੁੰਦਾ ਜਾ ਰਿਹਾ ਹੈ। ਨਿਯਮਿਤ ਸਾਫ਼-ਸਫ਼ਾਈ ਨਾ ਹੋਣ ਕਰਕੇ ਨਵੇਂ ਬਣੇ ਕਮਰੇ ਅਤੇ ਪਖਾਨੇ ਧੂੜ-ਮਿੱਟੀ ਨਾਲ ਭਰੇ ਪਏ ਹਨ। ਇਸ ਤੋਂ ਇਲਾਵਾ ਵਿਸ਼ਰਾਮ ਘਰ ਦੇ ਬਾਹਰ ਲੱਖਾਂ ਰੁਪਏ ਦੀ ਮਸ਼ੀਨਰੀ ਖੁੱਲ੍ਹੇ ਅਸਮਾਨ ਹੇਠ ਰੁਲ ਰਹੀ ਹੈ। ਵਿਸ਼ਰਾਮ ਘਰ ਦੀ ਦੇਖ-ਰੇਖ ਕਰ ਰਹੇ ਇੱਕ ਕਰਮਚਾਰੀ ਨੇ ਦੱਸਿਆ ਕਿ ਖੁੱਲ੍ਹੇ ਅਸਮਾਨ ਹੇਠ ਪਈ ਇਹ ਮਸ਼ੀਨਰੀ ਕੁਝ ਹਫ਼ਤੇ ਪਹਿਲਾਂ ਹੀ ਆਈ ਹੈ। ਜਦੋਂ ਉਸ ਪਾਸੋਂ ਸਬੰਧਤ ਅਧਿਕਾਰੀਆਂ ਦੇ ਆਉਣ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਅਧਿਕਾਰੀ ਤਾਂ ਕਦੇ-ਕਦਾਈਂ ਹੀ ਇੱਥੇ ਗੇੜਾ ਮਾਰਦੇ ਹਨ।