- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ’ਚੋਂ ‘ਸ਼ੀਸ਼ ਮਹਿਲ ਯਾਤਰਾ’ ਸ਼ੁਰੂ ਕਰਨ ਮੁੱਖ ਮੰਤਰੀ ਭਗਵੰਤ ਮਾਨ : ਐਡਵੋਕੇਟ ਸੈਂਪਲਾ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਅਤੇ ਲੀਗਲ ਵਿੰਗ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਐਡਵੋਕੇਟ ਰਵਿੰਦਰ ਸਿੰਘ ਸੈਂਪਲਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਉਹ ਤੁਰੰਤ ਪੰਜਾਬ ਤੋਂ ਦਿੱਲੀ ਤੱਕ ‘ਸ਼ੀਸ਼ ਮਹਿਲ ਯਾਤਰਾ’ ਸ਼ੁਰੂ ਕਰਨ, ਤਾਂ ਜੋ ਸੂਬੇ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਕਥਿਤ ਸ਼ਾਹੀ ਜੀਵਨਸ਼ੈਲੀ ਤੋਂ ਜਾਣੂ ਕਰਵਾਇਆ ਜਾ ਸਕੇ। ਐਡਵੋਕੇਟ ਸੈਂਪਲਾ ਨੇ ਕਿਹਾ ਕਿ ਸਾਦਗੀ ਦਾ ਨਾਅਰਾ ਦੇ ਕੇ ਸਿਆਸਤ ’ਚ ਆਏ ਅਰਵਿੰਦ ਕੇਜਰੀਵਾਲ ਦੇ ਆਲੀਸ਼ਾਨ ਨਿਵਾਸ ‘ਸ਼ੀਸ਼ ਮਹਿਲ’ ’ਚ ਜਕੂਜ਼ੀ, ਸੌਨਾ, ਸਟੀਮ ਰੂਮ, ਜਿਮ, ਮਾਲਿਸ਼ ਦੀਆਂ ਸਹੂਲਤਾਂ, ਮਹਿੰਗੇ ਝੂੰਮਰ ਅਤੇ ਵਿਦੇਸ਼ੀ ਸੰਗਮਰਮਰ ਵਰਗੇ ਸ਼ਾਹੀ ਸਾਜ਼ੋ-ਸਾਮਾਨ ਦੀ ਚਰਚਾ ਨੇ ਪਾਰਟੀ ਦੇ ਦਾਅਵਿਆਂ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਪੰਜਾਬ ਦੇ ਲੋਕਾਂ ਨੂੰ ਇਹ ਜਾਣਨ ਦਾ ਪੂਰਾ ਹੱਕ ਹੈ ਕਿ ਆਮ ਆਦਮੀ ਦੇ ਨਾਮ ’ਤੇ ਸੱਤਾ ਹਾਸਲ ਕਰਨ ਵਾਲੇ ਆਗੂਆਂ ਦਾ ਅਸਲ ਰਹਿਣ-ਸਹਿਣ ਕਿਹੋ ਜਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ’ਤੇ ਤਨਜ਼ ਕੱਸਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਸਿਰਫ਼ ਇਸ਼ਤਿਹਾਰਾਂ ਤੇ ਵਾਅਦਿਆਂ ਰਾਹੀਂ ਹੀ ਨਹੀਂ, ਸਗੋਂ ‘ਸ਼ੀਸ਼ ਮਹਿਲ ਯਾਤਰਾ’ ਦਾ ਪ੍ਰਬੰਧ ਕਰ ਕੇ ਦਿੱਲੀ ਲਿਜਾਵੇ ਤਾਂ ਜੋ ਜਨਤਾ ਅਖੌਤੀ ਸਾਦਗੀ ਅਤੇ ਸ਼ਾਹੀ ਠਾਠ-ਬਾਠ ਵਿਚਲੇ ਫ਼ਰਕ ਨੂੰ ਆਪਣੀਆਂ ਅੱਖਾਂ ਨਾਲ ਦੇਖ ਸਕੇ।