ਬੀਬੀ ਖੰਨਾ ਨੇ ਨਸ਼ਿਆਂ ਖ਼ਿਲਾਫ਼ ਸਾਂਝੀ ਲੜਾਈ ਦਾ ਦਿੱਤਾ ਹੋਕਾ ਨਸ਼ਿਆਂ ਖ਼ਿਲਾਫ਼ ਸਾਂਝੀ ਲੜਾਈ ਦਾ ਸੱਦਾ, ਪਿੰਡਾਂ ’ਚ ‘ਆਪ’ ਆਗੂਆਂ ਕੋਲੋਂ ਪੁੱਛੇ ਜਾਣ ਸਵਾਲ : ਕਿਰਨਦੀਪ ਕੌਰ ਖੰਨਾ
Publish Date: Tue, 29 Sep 2026 06:14 PM (IST)
Updated Date: Tue, 29 Sep 2026 06:15 PM (IST)
--ਪਿੰਡਾਂ ’ਚ ‘ਆਪ’ ਆਗੂਆਂ ਕੋਲੋਂ ਪੁੱਛੇ ਜਾਣ ਸਵਾਲ : ਕਿਰਨਦੀਪ ਕੌਰ ਖੰਨਾ ਫ਼ੋਟੋ ਫ਼ਾਈਲ : 3 ਪਿੰਡ ਰੰਘੇੜੀ ਕਲਾਂ ਵਿਖੇ ਇਸਤਰੀ ਅਕਾਲੀ ਦਲ ਦੀ ਮੀਟਿੰਗ ਦੌਰਾਨ ਕਿਰਨਦੀਪ ਕੌਰ ਖੰਨਾ, ਸਿਕੰਦਰ ਸਿੰਘ ਮੋਤੀ, ਜਥੇਦਾਰ ਹਰਬੰਸ ਸਿੰਘ ਬਡਾਲੀ ਅਤੇ ਹੋਰ ਪਤਵੰਤੇ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਵੱਲੋਂ ਹਲਕਾ ਅਮਲੋਹ ਦੇ ਪਿੰਡ ਰੰਘੇੜੀ ਕਲਾਂ ਵਿਖੇ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮੋਤੀ ਦੇ ਘਰ ਭਰਵੀਂ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਪਿੰਡ ਦੀਆਂ ਵੱਡੀ ਗਿਣਤੀ ਔਰਤਾਂ ਸਮੇਤ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਹਾਜ਼ਰ ਰਹੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਰਨਦੀਪ ਕੌਰ ਖੰਨਾ ਨੇ ਕਿਹਾ ਕਿ ਪਿੰਡਾਂ ਵਿਚ ਆਏ ਆਮ ਆਦਮੀ ਪਾਰਟੀ ਸਰਕਾਰ ਦੇ ਹਰ ਨੁਮਾਇੰਦੇ ਕੋਲੋਂ ਵਾਅਦਾ ਖ਼ਿਲਾਫ਼ੀ ਬਾਰੇ ਸਵਾਲ ਪੁੱਛੇ ਜਾਣ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਗੰਭੀਰ ਸਮੱਸਿਆ ਨਾਲ ਨਜਿੱਠਣ ਲਈ ਸਮਾਜ ਦੇ ਹਰ ਵਰਗ ਨੂੰ ਅੱਗੇ ਆਉਣਾ ਪਵੇਗਾ। ਇਹ ਲੜਾਈ ਸਿਰਫ਼ ਸਰਕਾਰ ਜਾਂ ਪ੍ਰਸ਼ਾਸਨ ’ਤੇ ਛੱਡਣ ਦੀ ਬਜਾਏ ਹਰ ਪਰਿਵਾਰ ਨੂੰ ਇਸ ਦਾ ਹਿੱਸਾ ਬਣਨਾ ਚਾਹੀਦਾ ਹੈ। ਜੇਕਰ ਪਰਿਵਾਰ ਦਾ ਕੋਈ ਬੱਚਾ ਜਾਂ ਨੌਜਵਾਨ ਨਸ਼ੇ ਦੀ ਲਤ ਦਾ ਸ਼ਿਕਾਰ ਹੈ ਤਾਂ ਉਸ ਨੂੰ ਇਕੱਲਾ ਨਾ ਛੱਡਿਆ ਜਾਵੇ। ਲੋੜਵੰਦ ਪਰਿਵਾਰਾਂ ਨੂੰ ਇਲਾਜ ਅਤੇ ਨਸ਼ਾ ਛੁਡਾਊ ਕੰਮਾਂ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ‘ਮਿਸ਼ਨ ਫ਼ਤਹਿ’ ਤਹਿਤ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਲਈ ਪਿੰਡ-ਪਿੰਡ ਤੇ ਘਰ-ਘਰ ਜਾ ਕੇ ਲੋਕਾਂ ਦੇ ਮੁੱਦੇ ਸੁਣੇ ਜਾ ਰਹੇ ਹਨ। ਪੰਜਾਬ ਵਿਧਾਨ ਸਭਾ ਚੋਣਾਂ ਦੀ ਮੌਜੂਦਾ ਮਿਆਦ ਸਾਲ 2027 ਵਿੱਚ ਪੂਰੀ ਹੋਣੀ ਹੈ ਅਤੇ ਇਸ ਸਬੰਧੀ ਜਥੇਬੰਦਕ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸ ਮੌਕੇ ਸੀਨੀਅਰ ਆਗੂ ਸਿਕੰਦਰ ਸਿੰਘ ਮੋਤੀ ਤੇ ਹਾਜ਼ਰ ਆਗੂਆਂ ਵੱਲੋਂ ਕਿਰਨਦੀਪ ਕੌਰ ਖੰਨਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਕੱਠ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪੀਏਸੀ ਮੈਂਬਰ ਕੈਪਟਨ ਜਸਵੰਤ ਸਿੰਘ ਬਾਜਵਾ, ਪੀਏਸੀ ਮੈਂਬਰ ਕੁਲਦੀਪ ਸਿੰਘ ਮੁੱਢੜੀਆ, ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਮਛਰਾਈ, ਹਲਕਾ ਆਬਜ਼ਰਵਰ ਜਥੇਦਾਰ ਹਰਬੰਸ ਸਿੰਘ ਬਡਾਲੀ ਅਤੇ ਸਿਕੰਦਰ ਸਿੰਘ ਮੋਤੀ ਨੇ ਵੀ ਸੰਬੋਧਨ ਕੀਤਾ।