- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਜਪਾ ਦਾ ਨਸ਼ਾ ਵਿਰੋਧੀ ਅੰਦੋਲਨ ਸਿਰਫ਼ ਦਿਖਾਵਾ : ਟਿਵਾਣਾ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਬੁਲਾਰੇ ਤੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਿਵਾਣਾ ਨੇ ਭਾਜਪਾ ਵੱਲੋਂ ਪੰਜਾਬ ’ਚ ਨਸ਼ਾ ਖ਼ਤਮ ਕਰਨ ਦੇ ਨਾਮ ’ਤੇ ਕੱਢੀਆਂ ਜਾ ਰਹੀਆਂ ਯਾਤਰਾਵਾਂ ਤੇ ਧਰਨਿਆਂ ਨੂੰ ਮਹਿਜ਼ ਸਿਆਸੀ ਢੌਂਗ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ’ਚ ਲੰਮੇ ਸਮੇਂ ਤੋਂ ਕਾਬਜ਼ ਰਹੀਆਂ ਪਾਰਟੀਆਂ ਨੇ ਹਮੇਸ਼ਾ ਪੰਜਾਬ ਦੇ ਗੰਭੀਰ ਮਸਲਿਆਂ ਨੂੰ ਲਮਕਾ ਕੇ ਸੂਬੇ ਨੂੰ ਬਦਨਾਮ ਕੀਤਾ ਹੈ ਅਤੇ ਹੁਣ ਭਾਜਪਾ ਸੱਤਾ ਹਾਸਲ ਕਰਨ ਲਈ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਟਿਵਾਣਾ ਨੇ ਕਿਹਾ ਕਿ ਪੰਜਾਬ ਦੀਆਂ ਸਰਹੱਦਾਂ ’ਤੇ ਬੀਐਸਐਫ, ਫ਼ੌਜ ਅਤੇ ਖ਼ੁਫ਼ੀਆ ਏਜੰਸੀਆਂ ਦਾ ਸਖ਼ਤ ਪਹਿਰਾ ਹੋਣ ਦੇ ਬਾਵਜੂਦ ਨਸ਼ੇ ਦਾ ਦਾਖ਼ਲ ਹੋਣਾ ਵੱਡਾ ਸਵਾਲ ਖੜ੍ਹਾ ਕਰਦਾ ਹੈ। ਪਿਛਲੇ ਸਮੇਂ ਦੌਰਾਨ ਫ਼ਿਰੋਜ਼ਪੁਰ ’ਚ ਵੀ ਭਾਜਪਾ ਆਗੂਆਂ ਦੇ ਨਾਂ ਨਸ਼ਾ ਤਸਕਰੀ ਮਾਮਲਿਆਂ ’ਚ ਉੱਭਰੇ ਸਨ ਪਰ ਕੇਂਦਰ ਦੀ ਸ਼ਹਿ ਕਾਰਨ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਦੋਸ਼ ਲਾਇਆ ਕਿ ਗੁਜਰਾਤ ਦੀਆਂ ਬੰਦਰਗਾਹਾਂ ਰਾਹੀਂ ਵੱਡੇ ਪੱਧਰ ’ਤੇ ਨਸ਼ੇ ਸੂਬੇ ਅੰਦਰ ਧੱਕੇ ਜਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਨੇ ਬੇਰੁਜ਼ਗਾਰੀ ਖ਼ਤਮ ਕਰਨ ਲਈ ਪੰਜਾਬ ਨੂੰ ਕੋਈ ਵੱਡਾ ਉਦਯੋਗ ਨਹੀਂ ਦਿੱਤਾ ਅਤੇ ਨਾ ਹੀ ਫ਼ਸਲਾਂ ਦੇ ਵਪਾਰ ਲਈ ਸਰਹੱਦਾਂ ਖੋਲ੍ਹੀਆਂ ਹਨ। ਸੂਬੇ ਦੇ ਦਰਿਆਈ ਪਾਣੀਆਂ ਅਤੇ ਬਿਜਲੀ ਦੇ ਅਧਿਕਾਰ ਖੋਹੇ ਜਾ ਰਹੇ ਹਨ। ਟਿਵਾਣਾ ਨੇ ਪੰਜਾਬ ਵਾਸੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਸੂਬੇ ਦੀ ਹੋਂਦ ਤੇ ਹੱਕਾਂ ਦੀ ਰਾਖੀ ਲਈ ਅਜਿਹੀਆਂ ਪੰਜਾਬ ਵਿਰੋਧੀ ਧਿਰਾਂ ਨੂੰ ਸੱਤਾ ਤੋਂ ਦੂਰ ਰੱਖਿਆ ਜਾਵੇ।