- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਤੋਂ ਪਹਿਲਾਂ ਭਾਜਪਾ ਦੇ ਪੋਸਟਰ ਪਾੜੇ

ਜਾਗਰਣ ਟੀਮ, ਫਤਹਿਗੜ੍ਹ ਸਾਹਿਬ : ਭਾਜਪਾ ਵੱਲੋਂ ਕੱਢੀ ਜਾ ਰਹੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੇ ਦੂਜੇ ਪੜਾਅ ਦੇ ਆਗਾਜ਼ ਤੋਂ ਪਹਿਲਾਂ ਪਾਰਟੀ ਦੀ ਯਾਤਰਾ ਨਾਲ ਸਬੰਧਤ ਪੋਸਟਰਾਂ ਨੂੰ ਕਈ ਥਾਵਾਂ ’ਤੇ ਪਾੜ ਦਿੱਤਾ ਗਿਆ। ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਰੋਡ ’ਤੇ ਭਾਜਪਾ ਦੇ ਵਿਰੋਧ ਵਿਚ ਕਈ ਪੋਸਟਰ ਲਗਾਏ ਗਏ। ਇਹ ਵਿਰੋਧੀ ਪੋਸਟਰ ਕਿਸ ਵੱਲੋਂ ਲਗਾਏ ਗਏ, ਇਸ ਬਾਰੇ ਕੋਈ ਪਤਾ ਨਹੀਂ ਚੱਲ ਸਕਿਆ। ਭਾਜਪਾ ਵਿਰੁੱਧ ਲਗਾਏ ਪੋਸਟਰਾਂ ਵਿਚ ਪੰਜਾਬ ਦਾ ਪਾਣੀ ਹਰਿਆਣਾ ਤੇ ਰਾਜਸਥਾਨ ਨੂੰ ਦੇਣ ਅਤੇ ਕਿਸਾਨ ਅੰਦੋਲਨ ਦੌਰਾਨ ਰੱਦ ਕੀਤੇ ਗਏ ਖੇਤੀ ਕਾਨੂੰਨਾਂ ਦੀ ਬਹਾਲੀ ਵਰਗੇ ਮੁੱਦੇ ਚੁੱਕ ਕੇ ਭਾਜਪਾ ’ਤੇ ਨਿਸ਼ਾਨਾ ਸਾਧਿਆ ਗਿਆ ਹੈ। ਯਾਤਰਾ ਦੀ ਸ਼ੁਰੂਆਤ ਲਈ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੇ ਪਹੁੰਚਣ ਤੋਂ ਪਹਿਲਾਂ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਫਤਹਿਗੜ੍ਹ ਸਾਹਿਬ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਵਿਰੋਧੀ ਪੋਸਟਰਾਂ ’ਤੇ ਪ੍ਰਤੀਕਰਮ ਦਿੰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੀ ਬੌਖਲਾਹਟ ਦਾ ਸਿੱਟਾ ਹੈ। ਉਨ੍ਹਾਂ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਪੰਜਾਬ ਵਿਚ ਨਸ਼ਾ ਹੁਣ ਹੋਮ ਡਲਿਵਰੀ ਰਾਹੀਂ ਵੀ ਲੋਕਾਂ ਦੇ ਘਰਾਂ ਤੱਕ ਪਹੁੰਚ ਰਿਹਾ ਹੈ, ਜੋ ਸੂਬੇ ਲਈ ਬੇਹੱਦ ਚਿੰਤਾਜਨਕ ਸਥਿਤੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨਸ਼ੇ ਦੇ ਇਸ ਕੋਹੜ ’ਤੇ ਕਾਬੂ ਪਾਉਣ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ।