ਯੁਵਰਾਜ ਸਿੰਘ ਤੇ ਗਿਆਨੀ ਰਘਬੀਰ ਸਿੰਘ ਨੂੰ ਕੀਤਾ ਸਨਮਾਨਿਤ
ਭਾਜਪਾ ਆਗੂ ਡਾ. ਹਰਬੰਸ ਲਾਲ ਵੱਲੋਂ ਯੁਵਰਾਜ ਸਿੰਘ ਤੇ ਗਿਆਨੀ ਰਘਬੀਰ ਸਿੰਘ ਨੂੰ ਸਨਮਾਨਿਤ ਕੀਤਾ
Publish Date: Fri, 27 Mar 2026 05:43 PM (IST)
Updated Date: Fri, 27 Mar 2026 05:47 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਅੱਜ ਦੁਪਹਿਰ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਵਿਖੇ ਬ੍ਰਹਮ ਗਿਆਨੀ ਸੰਤ ਬਾਬਾ ਰਾਮ ਸਿੰਘ ਜੀ ਗੰਢੂਆਂ ਦੁਫੇੜਾ ਸਾਹਿਬ ਵਾਲਿਆਂ ਦੀ ਯਾਦ ਵਿਚ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਸੰਤ ਬਾਬਾ ਰਾਮ ਸਿੰਘ ਜੀ ਦੀਆਂ ਅਨਮੋਲ ਸਿੱਖਿਆਵਾਂ ਨੂੰ ਯਾਦ ਕਰਨਾ ਤੇ ਉਨ੍ਹਾਂ ਦੇ ਪਾਵਨ ਅਸਥਾਨ ਅੰਗੀਠਾ ਸਾਹਿਬ ਦੀ ਸੇਵਾ ਕਰਨਾ ਸੀ। ਸਮਾਗਮ ਦੀ ਸ਼ੁਰੂਆਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਪੂਰੀ ਮਰਿਆਦਾ ਨਾਲ ਹੋਈ। ਇਸ ਮੌਕੇ ਭਾਈ ਮਨਦੀਪ ਸਿੰਘ ਭਾਮੀਆਂ ਵਾਲਿਆਂ ਤੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਮੁੱਲਾਂਪੁਰ (ਖੇੜੀ ਨੌਧ ਸਿੰਘ) ਵਾਲਿਆਂ ਨੇ ਕੀਰਤਨ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਪ੍ਰੋਗਰਾਮ ਵਿਚ ਦੇਸ਼ ਵਿਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਤੇ ਪ੍ਰਮੁੱਖ ਹਸਤੀਆਂ ਨੇ ਭਾਗ ਲਿਆ। ਇਨ੍ਹਾਂ ਵਿਚ ਭਾਰਤੀ ਕ੍ਰਿਕੇਟ ਟੀਮ ਦੇ ਮਸ਼ਹੂਰ ਖਿਡਾਰੀ ਯੁਵਰਾਜ ਸਿੰਘ, ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਰਘਬੀਰ ਸਿੰਘ ਤੇ ਡੇਰਾ ਦੁਫੇੜਾ ਸਾਹਿਬ ਗੰਢੂਆਂ ਦੀ ਮੁਖੀ ਸੰਤ ਬੀਬਾ ਕੁਲਵਿੰਦਰ ਕੌਰ ਵੀ ਮੌਜੂਦ ਸਨ। ਪ੍ਰੋਗਰਾਮ ਦੌਰਾਨ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਇਨ੍ਹਾਂ ਤਿੰਨਾਂ ਸ਼ਖ਼ਸੀਅਤਾਂ ਨੂੰ ਲੋਈਆਂ, ਸਿਰੋਪਾਉ ਤੇ ਗੁਰੂ ਸਾਹਿਬਾਨ ਦੀਆਂ ਫੋਟੋਆਂ ਭੇਟ ਕਰਕੇ ਸਨਮਾਨ ਕੀਤਾ। ਸਮਾਗਮ ਵਿਚ ਸੰਤ ਬਾਬਾ ਬਲਵਿੰਦਰ ਸਿੰਘ ਜੀ ਮੁੱਲਾਂਪੁਰ ਵਾਲੇ, ਗਿਆਨੀ ਗੁਰਬਚਨ ਸਿੰਘ, ਵਿਨੋਦ ਚੌਧਰੀ, ਮਨਜੀਤ ਸਿੰਘ ਸਿੱਧੂ, ਬਾਬਾ ਬਲਵਿੰਦਰ ਸਿੰਘ ਰੌਣੀ ਵਾਲੇ, ਯਾਦਵਿੰਦਰ ਸਿੰਘ, ਗੁਰਤੇਜ ਸਿੰਘ ਭਾਗਨਪੁਰ, ਬਾਬਾ ਮਨਦੀਪ ਸਿੰਘ, ਬਲਵਿੰਦਰ ਸਿੰਘ ਫਤਿਹਪੁਰ ਜੱਟਾਂ, ਹਰਮਿੰਦਰ ਸਿੰਘ, ਮਨੋਹਰ ਸਿੰਘ, ਸ਼ਾਮ ਸਿੰਘ ਮੇਹਰਾ ਮੰਡੋਫਲ, ਦਰਸ਼ਨ ਸਿੰਘ ਕੋਟਲਾ ਬਜਵਾੜਾ, ਸੈਕਟਰੀ ਬਾਬਾ ਦਲੇਰ ਸਿੰਘ ਖਾਲਸਾ, ਹਰਪ੍ਰੀਤ ਸਿੰਘ ਬੋਰਾਂ, ਸੰਦੀਪ ਸਿੰਘ ਲਵਲੀ, ਗੁਰਦੇਵ ਸਿੰਘ ਡੇਰਾ ਮੀਰ ਮੀਰਾਂ, ਜਗਦੇਵ ਸਿੰਘ ਮਲਕੋਮਾਜਰਾ ਤੇ ਪ੍ਰੈਸ ਸਕੱਤਰ ਪੰਜਾਬ ਗੁਰਦੀਪ ਸਿੰਘ ਭਾਗਨਪੁਰ ਵੀ ਮੌਜੂਦ ਸਨ।