'ਭਾਜਪਾ ਹਮੇਸ਼ਾ ਵੰਡ ਪਾਊ ਨੀਤੀਆਂ 'ਤੇ ਚੱਲਦੀ ਹੈ'- ਕਿਸਾਨ ਅੰਦੋਲਨ ਦੀ ਮੌਤਾਂ ਨੂੰ ਲੈ ਕੇ ਰਾਜਾ ਨੇ ਘੇਰੀ ਕੇਂਦਰ ਸਰਕਾਰ ਪੰਜਾਬ ਅੰਦਰ ਪੇਪਰ ਲੀਕ ਮਾਮਲੇ ਨੂੰ ਲੈ ਕੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਲਗਾਏ ਗਏ ਦੋਸ਼ਾਂ ਦੇ ਜਵਾਬ ਵਿਚ ਮਾਰਕੀਟ ਕਮੇਟੀ ਚਨਾਰਥਲ ਕਲਾਂ ਦੇ ਚੇਅਰਮੈਨ ਰਸ਼ਪਿੰਦਰ ਸਿੰਘ ਰਾਜਾ ਨੇ ਕਿਹਾ ਹੈ ਕਿ ਭਾਜਪਾ ਉਹ ਪਾਰਟੀ ਹੈ ਜੋ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਲਈ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਦੇ ਸਕੂਲ ’ਚ ਪੜ੍ਹ ਕੇ ਆਏ ਪਰਮਿੰਦਰ ਬਰਾੜ ਨੂੰ ਨਕਲ ਅਤੇ ਚੀਟਿੰਗ ਦਾ ਫ਼ਰਕ ਵੀ ਨਹੀਂ ਪਤਾ।
Publish Date: Thu, 30 Jul 2026 12:38 PM (IST)
Updated Date: Thu, 30 Jul 2026 12:41 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਪੰਜਾਬ ਅੰਦਰ ਪੇਪਰ ਲੀਕ ਮਾਮਲੇ ਨੂੰ ਲੈ ਕੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਲਗਾਏ ਗਏ ਦੋਸ਼ਾਂ ਦੇ ਜਵਾਬ ਵਿਚ ਮਾਰਕੀਟ ਕਮੇਟੀ ਚਨਾਰਥਲ ਕਲਾਂ ਦੇ ਚੇਅਰਮੈਨ ਰਸ਼ਪਿੰਦਰ ਸਿੰਘ ਰਾਜਾ ਨੇ ਕਿਹਾ ਹੈ ਕਿ ਭਾਜਪਾ ਉਹ ਪਾਰਟੀ ਹੈ ਜੋ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਲਈ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਦੇ ਸਕੂਲ ’ਚ ਪੜ੍ਹ ਕੇ ਆਏ ਪਰਮਿੰਦਰ ਬਰਾੜ ਨੂੰ ਨਕਲ ਅਤੇ ਚੀਟਿੰਗ ਦਾ ਫ਼ਰਕ ਵੀ ਨਹੀਂ ਪਤਾ। ਰਾਜਾ ਨੇ ਕਿਹਾ ਕਿ ਬਰਾੜ ਆਪਣੇ ਹੀ ਸਵਾਲਾਂ ’ਚ ਫਸ ਰਹੇ ਹਨ ਕਿਉਂਕਿ ਇਕ ਪਾਸੇ ਉਹ 7000 ਬੱਚਿਆਂ ਦਾ ਭਵਿੱਖ ਖ਼ਰਾਬ ਹੋਣ ਦਾ ਦਾਅਵਾ ਕਰਦੇ ਹਨ ਅਤੇ ਦੂਜੇ ਪਾਸੇ 100 ਬੱਚਿਆਂ ਦੀ ਗੱਲ ਕਰਦੇ ਹਨ।
ਪਰਮਿੰਦਰ ਬਰਾੜ ਵੱਲੋਂ ਐੱਫਆਈਆਰ ਦੀ ਕਾਪੀ ਮੰਗਣ ’ਤੇ ਚੇਅਰਮੈਨ ਰਾਜਾ ਨੇ ਸਪੱਸ਼ਟ ਕੀਤਾ ਕਿ ਜੇਕਰ ਸਰਕਾਰ ਨੇ ਤੁਰੰਤ ਕਾਰਵਾਈ ਕਰਦਿਆਂ 28 ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਹੈ, ਤਾਂ ਇਸ ਦਾ ਮਤਲਬ ਹੈ ਕਿ ਸਰਕਾਰ ਨਕਲ ਅਤੇ ਧਾਂਦਲੀਆਂ ਨੂੰ ਰੋਕਣ ਲਈ ਵਚਨਬੱਧ ਹੈ। ਉਨ੍ਹਾਂ ਬਰਾੜ ਦੀ ਭਾਸ਼ਾ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਪਰਮਿੰਦਰ ਬਰਾੜ ਨੂੰ ਪੰਜਾਬੀ ਦੇ ਸ਼ਬਦ ਵੀ ਢੰਗ ਨਾਲ ਬੋਲਣੇ ਨਹੀਂ ਆਉਂਦੇ ਅਤੇ ਉਹ ਸਾਰਿਆਂ ਨੂੰ ਨੌਕਰੀਆਂ ਤੋਂ ਕੱਢਣ ਦਾ ਫ਼ਰਮਾਨ ਜਾਰੀ ਕਰ ਰਹੇ ਹਨ। ਨੌਜਵਾਨਾਂ ਦੇ ਰੁਜ਼ਗਾਰ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਹਮੇਸ਼ਾ ਵੰਡ ਪਾਊ ਨੀਤੀਆਂ ’ਤੇ ਚੱਲਦੀ ਹੈ। ਜਦੋਂ ਪਰਮਿੰਦਰ ਬਰਾੜ ਅਕਾਲੀ ਦਲ ’ਚ ਹੁੰਦਿਆਂ ਐੱਸਓਆਈ ਦੇ ਪ੍ਰਧਾਨ ਸਨ, ਤਾਂ ਉਨ੍ਹਾਂ ਨੇ ਛੇਵੀਂ ਜਮਾਤ ਦੇ ਬੱਚਿਆਂ ਨੂੰ ਪ੍ਰਧਾਨਗੀਆਂ ਵੰਡਣੀਆਂ ਸ਼ੁਰੂ ਕਰ ਦਿੱਤੀਆਂ ਸਨ। ਇਸ ਮੌਕੇ ਸਰਪੰਚ ਪਰਮਜੀਤ ਸਿੰਘ, ਮਨਜੀਤ ਸਿੰਘ ਲੰਬੜਦਾਰ, ਨਰਿੰਦਰ ਸਿੰਘ, ਆਪ ਆਗੂ ਮਨਦੀਪ ਸਿੰਘ, ਰਣਜੀਤ ਸਿੰਘ ਅਤੇ ਦਵਿੰਦਰ ਸਿੰਘ ਪੰਚ ਮੌਜੂਦ ਸਨ।