- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਾਹਰ ਸ਼ੂਗਰ ਮਿੱਲ ਵੱਲੋਂ ਗੰਨਾ ਕਾਸ਼ਤਕਾਰਾਂ ਲਈ ਜਾਗਰੂਕਤਾ ਕੈਂਪ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਨਾਹਰ ਸ਼ੂਗਰ ਮਿੱਲ ਅਮਲੋਹ ਵੱਲੋਂ ਗੰਨਾ ਕਾਸ਼ਤਕਾਰਾਂ ਨੂੰ ਫ਼ਸਲ ਦੀਆਂ ਨਵੀਆਂ ਤੇ ਆਧੁਨਿਕ ਤਕਨੀਕਾਂ ਸਬੰਧੀ ਜਾਗਰੂਕ ਕਰਨ ਲਈ ਪਿੰਡ ਸਲਾਣਾ ਦੁੱਲਾ ਸਿੰਘ ਵਾਲਾ ਵਿਖੇ ਵਿਸ਼ੇਸ਼ ਕੈਂਪ ਲਗਾਇਆ ਗਿਆ। ਕੈਂਪ ’ਚ ਮਿੱਲ ਦੇ ਵੀਪੀ ਕੇਨ ਸੁਧੀਰ ਕੁਮਾਰ ਅਤੇ ਗੰਨਾ ਮੈਨੇਜਰ ਮਨੋਜ ਕੁਮਾਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਕਿਸਾਨਾਂ ਨੂੰ ਦੱਸਿਆ ਕਿ ਗੰਨੇ ਦੀ ਕਾਸ਼ਤ ਲਈ ਲੋੜੀਂਦੇ ਸੰਦ, ਬਿਨਾਂ ਵਿਆਜ ਕਰਜ਼ਾ, ਗੋਭੀ ਸਰ੍ਹੋਂ ਦਾ ਬੀਜ ਤੇ ਕੀਟਨਾਸ਼ਕ ਦਵਾਈਆਂ ਸਬਸਿਡੀ ’ਤੇ ਦਿੱਤੀਆਂ ਜਾਣਗੀਆਂ। ਸੁਧੀਰ ਕੁਮਾਰ ਨੇ ਕਿਸਾਨਾਂ ਨੂੰ ਗੰਨੇ ਦੀਆਂ ਨਵੀਆਂ ਕਿਸਮਾਂ ਦੇ ਬੀਜ ਮੁਹੱਈਆ ਕਰਵਾਉਣ ਦਾ ਭਰੋਸਾ ਦਿੰਦਿਆਂ ਮਿੱਲ ਦਾ ਪਿੜਾਈ ਸੀਜ਼ਨ ਸਮੇਂ ਸਿਰ ਅਤੇ ਨਿਰਵਿਘਨ ਚਲਾਉਣ ਲਈ ਵੱਧ ਤੋਂ ਵੱਧ ਰਕਬੇ ’ਚ ਗੰਨਾ ਬੀਜਣ ਦੀ ਅਪੀਲ ਕੀਤੀ। ਉਨ੍ਹਾਂ ਮਜ਼ਦੂਰਾਂ ਦੀ ਘਾਟ ਨਾਲ ਨਜਿੱਠਣ ਲਈ ਗੰਨਾ ਹਾਰਵੈਸਟਰ ਦੀ ਵਰਤੋਂ ਤੇ ਬਿਮਾਰੀਆਂ ਤੋਂ ਬਚਾਅ ਲਈ ਬੀਜ ਸੋਧਣ ਦੇ ਤਰੀਕਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਅੱਸੂ-ਕੱਤਕ ਦੀ ਬਿਜਾਈ ਟਰੈਂਚ ਵਿਧੀ ਰਾਹੀਂ ਕਰਕੇ ਵਿਚਕਾਰ ਕਣਕ, ਸਰ੍ਹੋਂ, ਮਟਰ, ਛੋਲੇ ਅਤੇ ਲਸਣ ਆਦਿ ਦੀ ਅੰਤਰ-ਫ਼ਸਲੀ ਖੇਤੀ ਨਾਲ ਦੁੱਗਣਾ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਇਸ ਮੌਕੇ ਗੰਨਾ ਸੁਪਰਵਾਈਜ਼ਰ ਗੁਰਬਚਨ ਸਿੰਘ, ਗੁਰਦੀਪ ਸਿੰਘ, ਹਰਮੀਤ ਸਿੰਘ, ਸਿਮਰਨਜੀਤ ਸਿੰਘ, ਬਹਾਦਰ ਸਿੰਘ, ਚਰਨਜੀਤ ਸਿੰਘ, ਸਿਕੰਦਰ ਸਿੰਘ, ਦੀਦਾਰ ਸਿੰਘ, ਜਸਵੀਰ ਸਿੰਘ ਸਮੇਤ ਵੱਡੀ ਗਿਣਤੀ ’ਚ ਅਗਾਂਹਵਧੂ ਕਿਸਾਨ ਮੌਜੂਦ ਸਨ।