- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵੱਖ-ਵੱਖ ਪਿੰਡਾਂ ਦੇ ਵਿਕਾਸ ਕਾਰਜਾਂ ਲਈ 42 ਲੱਖ ਦੀਆਂ ਗ੍ਰਾਂਟਾਂ ਦੇ ਮਨਜ਼ੂਰੀ ਪੱਤਰ ਸੌਂਪੇ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਵਿਧਾਨ ਸਭਾ ਹਲਕਾ ਫਤਹਿਗੜ੍ਹ ਸਾਹਿਬ ਦੇ ਵੱਖ-ਵੱਖ 14 ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਕਰੀਬ 42 ਲੱਖ ਰੁਪਏ ਦੀ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪੇ ਗਏ। ਬਲਾਕ ਸੰਮਤੀ ਸਰਹਿੰਦ ਦੇ ਉਪ ਚੇਅਰਮੈਨ ਸਤਬੀਰ ਸਿੰਘ ਜੱਲਾ, ਕੁਲਵਿੰਦਰ ਸਿੰਘ ਡੇਰਾ ਅਤੇ ਵਿਧਾਇਕ ਲਖਵੀਰ ਸਿੰਘ ਰਾਏ ਦੇ ਦਫ਼ਤਰ ਸਕੱਤਰ ਬਹਾਦਰ ਖਾਨ ਨੇ ਪੰਚਾਇਤਾਂ ਨੂੰ ਇਹ ਪੱਤਰ ਪ੍ਰਦਾਨ ਕੀਤੇ। ਬਹਾਦਰ ਖਾਨ ਨੇ ਦੱਸਿਆ ਕਿ ਚਨਾਲੋ, ਭਮਾਰਸੀ ਅਤੇ ਤਾਣਾ ਨੂੰ ਸ਼ੈੱਡ ਬਣਾਉਣ ਲਈ ਰਾਸ਼ੀ ਜਾਰੀ ਕੀਤੀ ਗਈ ਹੈ। ਇਸੇ ਤਰ੍ਹਾਂ ਮੁੱਲਾਂਪੁਰ ਖ਼ੁਰਦ, ਮੁਹੰਮਦੀਪੁਰ, ਜੱਲਾ, ਸੁਹਾਗਹੇੜੀ ਅਤੇ ਬੁਚੜੇ ਨੂੰ ਸੀਵਰੇਜ ਸਿਸਟਮ ਦਰੁਸਤ ਕਰਨ ਵਾਸਤੇ ਫੰਡ ਦਿੱਤੇ ਗਏ ਹਨ। ਰਿਊਣਾ ਉੱਚਾ, ਹਰਬੰਸਪੁਰਾ, ਆਦਮਪੁਰ, ਰਿਊਣਾ ਨੀਵਾਂ, ਮਹੱਦੀਆਂ ਅਤੇ ਮੁੱਲਾਂਪੁਰ ਕਲਾਂ ਨੂੰ ਪੀਣ ਵਾਲੇ ਪਾਣੀ ਦੇ ਪ੍ਰਬੰਧਾਂ ਲਈ ਗ੍ਰਾਂਟ ਦਿੱਤੀ ਗਈ ਹੈ। ਇਸ ਮੌਕੇ ਪੰਚਾਂ-ਸਰਪੰਚਾਂ ਨੇ ਪਿੰਡਾਂ ਦੇ ਬਿਨਾਂ ਪੱਖਪਾਤ ਸਰਬਪੱਖੀ ਵਿਕਾਸ ਲਈ ਵਿਧਾਇਕ ਲਖਵੀਰ ਸਿੰਘ ਰਾਏ ਦਾ ਧੰਨਵਾਦ ਕੀਤਾ। ਇਸ ਦੌਰਾਨ ਬਲਾਕ ਸੰਮਤੀ ਮੈਂਬਰ ਸੁਖਪ੍ਰੀਤ ਕੌਰ, ਸੁਖਵਿੰਦਰ ਸਿੰਘ, ਸਰਪੰਚ ਪਰਮਜੀਤ ਸਿੰਘ, ਰੋਸ਼ਾ ਖੇੜੀ ਅਤੇ ਕਰਨੈਲ ਸਿੰਘ ਸਮੇਤ ਹੋਰ ਮੌਜੂਦ ਸਨ।