ਆਂਗਣਵਾੜੀ ਮੁਲਾਜ਼ਮਾਂ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ
ਆਂਗਣਵਾੜੀ ਮੁਲਾਜ਼ਮਾਂ ਵਲੋਂ ਕੇਂਦਰ ਸਰਕਾਰ ਖਿਲਾਫ ਰੋਸ ਮੁਜਾਹਰਾ
Publish Date: Tue, 31 Mar 2026 05:09 PM (IST)
Updated Date: Tue, 31 Mar 2026 05:13 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਬਸੀ ਪਠਾਣਾਂ ਅੱਜ ਬਲਾਕ ਪ੍ਰਧਾਨ ਸੁਰਜੀਤ ਕੌਰ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਨੂੰ ਲੈ ਕੇ ਭਾਰਤ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਸਬੰਧਤ ਅਧਿਕਾਰੀ ਨੂੰ ਮੰਗ ਪੱਤਰ ਸੌਂਪਿਆ ਗਿਆ। ਬਲਾਕ ਪ੍ਰਧਾਨ ਸੁਰਜੀਤ ਕੌਰ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਆਂਗਣਵਾੜੀ ਮੁਲਾਜ਼ਮਾਂ ਤੇ ਵਰਕਰਾਂ ਨਾਲ ਕੀਤਾ ਇੱਕ ਵੀ ਵਾਅਦਾ ਨਹੀਂ ਨਿਭਾਇਆ ਗਿਆ ਅਤੇ ਬਜਟ 2026-27 ਵਿਚ ਵੀ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ ਹੈ ਜਿਸ ਕਾਰਨ ਉਨ੍ਹਾਂ ਵਿਚ ਭਾਰੀ ਰੋਸ ਹੈ। ਭਾਰਤ ਸਰਕਾਰ ਆਂਗਣਵਾੜੀ ਵਰਕਰਾਂ ਨੂੰ ਮਹਿਜ਼ 2700 ਰੁਪਏ ਪ੍ਰਤੀ ਮਹੀਨਾ ਅਤੇ ਆਂਗਣਵਾੜੀ ਹੈਲਪਰਾਂ ਨੂੰ 1350 ਰੁਪਏ ਪ੍ਰਤੀ ਮਹੀਨਾ ਉਜਰਤ ਦੇ ਰਹੀ ਹੈ। 2018 ਤੋਂ ਬਾਅਦ ਉਨ੍ਹਾਂ ਦੇ ਮਿਹਨਤਾਨੇ ਵਿਚ ਕੋਈ ਵਾਧਾ ਨਹੀਂ ਹੋਇਆ ਹੈ। ਇੱਥੋਂ ਤੱਕ ਕਿ ਸਰਕਾਰ ਪੋਸ਼ਣ ਲਈ ਲਾਗਤ ਮਾਪਦੰਡ ਵਧਾਉਣ ਲਈ ਪਿਛਲੇ ਸਾਲ ਦੇ ਬਜਟ ਵਿਚ ਕੀਤੇ ਗਏ ਐਲਾਨ ਤੋਂ ਵੀ ਪਿੱਛੇ ਹਟ ਰਹੀ ਹੈ। ਇਹ ਸਵੀਕਾਰ ਨਹੀਂ ਕੀਤਾ ਜਾ ਸਕਦਾ। ਇੰਨਾ ਹੀ ਨਹੀਂ ਸਰਕਾਰ ਨੇ 2022 ਤੋਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਗਰੈਚੂਟੀ ਦੀ ਅਦਾਇਗੀ ’ਤੇ ਸੁਪਰੀਮ ਕੋਰਟ ਦੇ ਹੁਕਮ ਨੂੰ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਹੁਣ, ਡਿਜੀਟਾਈਜੇਸ਼ਨ ਦੇ ਨਾਮ ’ਤੇ ਅਤੇ ਚਿਹਰੇ ਦੀ ਪਛਾਣ ਪ੍ਰਣਾਲੀ ਦੀ ਸ਼ੁਰੂਆਤ ਕਰ ਕੇ, ਤੁਹਾਡੀ ਸਰਕਾਰ ਨੇ ਵੱਡੀ ਗਿਣਤੀ ਵਿੱਚ ਗਰੀਬ ਅਧਿਕਾਰ ਧਾਰਕਾਂ ਨੂੰ ਆਂਗਣਵਾੜੀ ਸੇਵਾਵਾਂ ਤੋਂ ਬਾਹਰ ਕਰ ਦਿੱਤਾ ਹੈ। ਉਨ੍ਹਾਂ ਦੀਆਂ ਮੁੱਖ ਮੰਗਾਂ ਵਿਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਸਰਕਾਰੀ ਕਰਮਚਾਰੀਆਂ ਵਜੋਂ ਰੈਗੂਲਰ ਕਰਨਾ, ਤਨਖਾਹ ਕਮਿਸ਼ਨ ਨਿਯੁਕਤ ਕਰਨਾ, ਬਕਾਇਆ ਰੈਗੂਲਰਾਈਜ਼ੇਸ਼ਨ, 26 ਹਜ਼ਾਰ ਦੀ ਘੱਟੋ-ਘੱਟ ਉਜਰਤ ਅਤੇ 10 ਹਜ਼ਾਰ ਪ੍ਰਤੀ ਮਹੀਨਾ ਪੈਨਸ਼ਨ ਦਾ ਭੁਗਤਾਨ ਕਰਨਾ, ਵਾਧੂ ਕੰਮ ਨਾ ਕਰਵਾਉਣਾ ਆਦਿ ਸ਼ਾਮਲ ਹਨ। ਰੋਸ ਧਰਨੇ ਵਿੱਚ ਮੁਲਾਜ਼ਮ ਆਗੂ ਸ਼ਰਨਜੀਤ ਕੌਰ, ਮਨਦੀਪ ਕੌਰ, ਦਲਵੀਰ ਕੌਰ, ਮਲਕੀਤ ਕੌਰ, ਪਰਮਜੀਤ ਕੌਰ, ਬੇਅੰਤ ਕੌਰ, ਗੁਰਮੀਤ ਕੌਰ ਨੀਲਮ ਰਾਣੀ ਆਦਿ ਮੌਜੂਦ ਸਨ।