ਹੈੱਡ ਮਾਸਟਰ ਅਮਨਦੀਪ ਸਿੰਘ ਨੂੰ ਸਟੇਟ ਐਵਾਰਡ ਲਈ ਚੁਣਿਆ ਹੈੱਡ ਮਾਸਟਰ ਅਮਨਦੀਪ ਸਿੰਘ ਨੂੰ ਸਟੇਟ ਅ
Publish Date: Fri, 04 Sep 2026 06:53 PM (IST)
Updated Date: Fri, 04 Sep 2026 06:55 PM (IST)
ਫੋਟੋ ਫਾਇਲ 27 --ਅਮਨਦੀਪ ਸਿੰਘ -ਸਰਕਾਰੀ ਹਾਈ ਸਕੂਲ ਬੁੱਗਾ ਕਲਾਂ ਨੇ ਸਿੱਖਿਆ ਤੇ ਖੇਡਾਂ ’ਚ ਮਾਰੀਆਂ ਸਨ ਮੱਲਾਂ ਗੁਰਪ੍ਰੀਤ ਮਹਿਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਹੈੱਡ ਮਾਸਟਰ ਅਮਨਦੀਪ ਸਿੰਘ ਨੂੰ ਇਸ ਵਾਰ ਸਟੇਟ ਅਧਿਆਪਕ ਐਵਾਰਡ ਲਈ ਚੁਣਿਆ ਗਿਆ ਹੈ। ਜ਼ਿਕਰਯੋਗ ਹੈ ਕਿ ਅਮਨਦੀਪ ਸਿੰਘ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਬੁੱਗਾ ਕਲਾਂ ਨੇ ਸਿੱਖਿਆ ਤੇ ਖੇਡਾਂ ’ਚ ਮੱਲਾਂ ਮਾਰੀਆਂ ਹਨ। ਅਮਨਦੀਪ ਸਿੰਘ ਦੀ ਅਗਵਾਈ ਹੇਠ ਸਕੂਲ ਨੇ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿਚ ਸ਼ਾਨਦਾਰ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਅਮਨਦੀਪ ਸਿੰਘ 24 ਜਨਵਰੀ 2020 ਤੋਂ ਸਰਕਾਰੀ ਹਾਈ ਸਕੂਲ ਬੁੱਗਾ ਕਲਾਂ ਵਿਖੇ ਬਤੌਰ ਹੈੱਡ ਮਾਸਟਰ ਸੇਵਾਵਾਂ ਨਿਭਾਅ ਰਹੇ ਹਨ। ਇਸ ਤੋਂ ਪਹਿਲਾਂ ਉਹ 1 ਦਸੰਬਰ 2008 ਤੋਂ 2020 ਤੱਕ ਸਰਕਾਰੀ ਮਿਡਲ ਸਕੂਲ ਜੰਡਾਲੀ ਵਿਖੇ ਸਮਾਜਿਕ ਸਿੱਖਿਆ ਅਧਿਆਪਕ ਵਜੋਂ ਸੇਵਾ ਨਿਭਾਉਂਦੇ ਰਹੇ। ਸਕੂਲ ਦੀਆਂ ਪ੍ਰਾਪਤੀਆਂ ਵਿੱਚ ਸਭ ਤੋਂ ਅਹਿਮ ਯੋਗਦਾਨ ਨੈਸ਼ਨਲ ਮੀਨਜ਼-ਕਮ-ਮੈਰਿਟ ਸਕਾਲਰਸ਼ਿਪ ਪ੍ਰੀਖਿਆ ’ਚ ਵਿਦਿਆਰਥੀਆਂ ਦੀ ਸ਼ਾਨਦਾਰ ਕਾਰਗੁਜ਼ਾਰੀ ਦਾ ਹੈ। ਪਿਛਲੇ ਪੰਜ ਸਾਲਾਂ ਦੌਰਾਨ ਸਕੂਲ ਦੇ 55 ਵਿਦਿਆਰਥੀਆਂ ਨੇ ਵਜ਼ੀਫਾ ਪ੍ਰੀਖਿਆ ਪਾਸ ਕਰਕੇ ਕੁੱਲ 26 ਲੱਖ 40 ਹਜ਼ਾਰ ਰੁਪਏ ਦੀ ਵਜ਼ੀਫਾ ਰਾਸ਼ੀ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਪਿਛਲੇ ਪੰਜ ਸਾਲਾਂ ਤੋਂ ਹਰ ਸਾਲ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦਾ ਵਜ਼ੀਫ਼ਾ ਪ੍ਰੀਖਿਆ ਦਾ ਟਾਪਰ ਇਸੇ ਸਕੂਲ ਦਾ ਵਿਦਿਆਰਥੀ ਬਣਦਾ ਆ ਰਿਹਾ ਹੈ। ਜ਼ਿਲ੍ਹੇ ਵਿਚ ਇਹ ਵਜ਼ੀਫਾ ਪ੍ਰੀਖਿਆ ਪਾਸ ਕਰਨ ਵਾਲੇ ਕੁੱਲ ਵਿਦਿਆਰਥੀਆਂ ’ਚੋਂ ਲਗਭਗ 21 ਫੀਸਦੀ ਵਿਦਿਆਰਥੀ ਸਰਕਾਰੀ ਹਾਈ ਸਕੂਲ ਬੁੱਗਾ ਕਲਾਂ ਦੇ ਹਨ। ਸਕੂਲ ਦੇ ਵਿਦਿਆਰਥੀਆਂ ਨੇ ਪੀਐਸਟੀਐਸਈ ਪ੍ਰੀਖਿਆ ’ਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪਿਛਲੇ ਦੋ ਸਾਲਾਂ ਦੌਰਾਨ ਦਸਵੀਂ ਜਮਾਤ ਦੇ 5 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਪਾਸ ਕੀਤੀ ਹੈ। ਸਿੱਖਿਆ ਦੇ ਨਾਲ-ਨਾਲ ਖੇਡਾਂ ਦੇ ਖੇਤਰ ’ਚ ਵੀ ਸਕੂਲ ਦੀਆਂ ਵਿਦਿਆਰਥਣਾਂ ਨੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ। ਪਿਛਲੇ ਤਿੰਨ ਸਾਲਾਂ ਤੋਂ ਹੈੱਡ ਮਾਸਟਰ ਅਮਨਦੀਪ ਸਿੰਘ ਦੀ ਦੇਖ-ਰੇਖ ਹੇਠ ਤਿਆਰ ਕੀਤੀਆਂ ਜਾ ਰਹੀਆਂ ਲੜਕੀਆਂ ਦੀਆਂ ਖੋ-ਖੋ ਟੀਮਾਂ ਲਗਾਤਾਰ ਜ਼ਿਲ੍ਹਾ ਪੱਧਰ ’ਤੇ ਜਿੱਤ ਹਾਸਲ ਕਰਦੀਆਂ ਆ ਰਹੀਆਂ ਹਨ ਅਤੇ ਸਟੇਟ ਪੱਧਰ ’ਤੇ ਭਾਗ ਲੈ ਰਹੀਆਂ ਹਨ। ਸਕੂਲ ਦੀਆਂ ਇਨ੍ਹਾਂ ਪ੍ਰਾਪਤੀਆਂ ਨੂੰ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਮਿਹਨਤ, ਅਨੁਸ਼ਾਸਨ ਅਤੇ ਸਕੂਲ ਮੁਖੀ ਦੀ ਸੁਚੱਜੀ ਅਗਵਾਈ ਦਾ ਨਤੀਜਾ ਮੰਨਿਆ ਜਾ ਰਿਹਾ ਹੈ। ਸਰਕਾਰੀ ਹਾਈ ਸਕੂਲ ਬੁੱਗਾ ਕਲਾਂ ਨੇ ਇਨ੍ਹਾਂ ਪ੍ਰਾਪਤੀਆਂ ਰਾਹੀਂ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਆਪਣੀ ਵਿਸ਼ੇਸ਼ ਪਛਾਣ ਬਣਾਈ ਹੈ।