- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਕਾਲੀ ਦਲ ਵੱਲੋਂ ਬਿਜਲੀ ਸੰਕਟ ਖ਼ਿਲਾਫ਼ ਰੋਸ ਮੁਜ਼ਾਹਰਾ, ਰਾਜਪਾਲ ਦੇ ਨਾਂ ਮੰਗ ਪੱਤਰ ਸੌਂਪਿਆ

ਗਰਗ, ਪੰਜਾਬੀ ਜਾਗਰਣ, ਅਮਲੋਹ : ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਤੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਹੇਠ ਵਰਕਰਾਂ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਲੱਗ ਰਹੇ ਬਿਜਲੀ ਕੱਟਾਂ ਖ਼ਿਲਾਫ਼ ਐੱਸਡੀਐੱਮ ਦਫ਼ਤਰ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਨਾਂ ਨਾਇਬ ਤਹਿਸੀਲਦਾਰ ਸਪੱਰਸ਼ ਕੌਰ ਨੂੰ ਮੰਗ ਪੱਤਰ ਸੌਂਪਿਆ ਗਿਆ। ਰਾਜੂ ਖੰਨਾ ਨੇ ਕਿਹਾ ਕਿ ਪੰਜਾਬ ’ਚ ਹਰ ਰੋਜ਼ 13 ਘੰਟਿਆਂ ਤੋਂ ਵੱਧ ਉਦਯੋਗਿਕ ਕੱਟ ਲੱਗ ਰਹੇ ਹਨ। ਦੋ ਵੱਡੇ ਥਰਮਲ ਪਲਾਂਟ ਬੰਦ ਹੋਣ ਕਾਰਨ ਤੇ 16,500 ਮੈਗਾਵਾਟ ਮੰਗ ਦੇ ਮੁਕਾਬਲੇ ਲਗਭਗ 3,000 ਮੈਗਾਵਾਟ ਦੀ ਕਮੀ ਕਾਰਨ ਸੂਬੇ ਭਰ ’ਚ 10 ਘੰਟਿਆਂ ਤੱਕ ਕੱਟ ਲੱਗ ਰਹੇ ਹਨ। ਇਸ ਸੰਕਟ ਨੇ ਸਰਕਾਰ ਦੇ ‘ਬਿਜਲੀ ਕ੍ਰਾਂਤੀ’ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਉਨ੍ਹਾਂ ਸਵਾਲ ਕੀਤਾ ਕਿ 10 ਤੋਂ 12 ਘੰਟੇ ਬਿਜਲੀ ਬੰਦ ਰਹਿਣ ਦੇ ਬਾਵਜੂਦ ਘਰਾਂ ਨੂੰ 70 ਤੋਂ 80 ਹਜ਼ਾਰ ਰੁਪਏ ਤੱਕ ਦੇ ਬਿੱਲ ਭੇਜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋੜ ਮੁਤਾਬਕ 117 ਫ਼ੀਸਦੀ ਕੋਲੇ ਦਾ ਭੰਡਾਰ ਹੋਣ ਦੇ ਬਾਵਜੂਦ ਬਿਜਲੀ ਸੰਕਟ ਪੈਦਾ ਹੋਣਾ ਪਾਵਰਕਾਮ ਦੇ ਮਾੜੇ ਪ੍ਰਬੰਧਾਂ ਅਤੇ ਉਤਪਾਦਨ ’ਚ ਨਾਕਾਮੀ ਦਾ ਸਿੱਟਾ ਹੈ। ਸਰਕਾਰ ਵੱਲੋਂ ਮੰਨਿਆ ਗਿਆ ਹੈ ਕਿ ਤਲਵੰਡੀ ਸਾਬੋ ਅਤੇ ਨਾਭਾ ਦੇ ਨਿੱਜੀ ਥਰਮਲ ਪਲਾਂਟਾਂ ’ਚ ਖ਼ਰਾਬੀ ਕਾਰਨ ਇਹ ਸੰਕਟ ਡੂੰਘਾ ਹੋਇਆ ਹੈ। ਰਾਜੂ ਖੰਨਾ ਨੇ ਕਿਹਾ ਕਿ ਪਾਵਰਕਾਮ ਹੁਣ 10 ਹਜ਼ਾਰ ਕਰੋੜ ਰੁਪਏ ਦਾ ਨਵਾਂ ਕਰਜ਼ਾ ਚੁੱਕਣ ਜਾ ਰਿਹਾ ਹੈ, ਜਦਕਿ ਸਰਕਾਰੀ ਵਿਭਾਗਾਂ ਵੱਲ ਹੀ 2,382.40 ਕਰੋੜ ਰੁਪਏ ਦੇ ਬਿੱਲ ਬਕਾਇਆ ਹਨ। ਜਦੋਂ ਸਰਕਾਰੀ ਅਦਾਰੇ ਬਕਾਏ ਨਹੀਂ ਤਾਰ ਰਹੇ ਅਤੇ ਨਿਗਮ ਸਿਰ ਕਰਜ਼ੇ ਦੀ ਪੰਡ ਭਾਰੀ ਹੋ ਰਹੀ ਹੈ ਤਾਂ ਸੁਧਾਰ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਵੇਲੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਬਿਜਲੀ ਸਰਪਲੱਸ ਸੂਬਾ ਬਣਿਆ ਸੀ, ਪਰ ਮੌਜੂਦਾ ਸਰਕਾਰ ਦੇ ਮਾੜੇ ਪ੍ਰਬੰਧਾਂ ਦਾ ਖ਼ਮਿਆਜ਼ਾ ਉਦਯੋਗਾਂ, ਕਿਸਾਨਾਂ ਅਤੇ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।