ਸ਼ਹਿਰਾਂ ਤੋਂ ਪਿੰਡਾਂ ਨੂੰ ਜਾਂਦੀਆਂ ਟੁੱਟੀਆਂ ਸੜਕਾਂ ਵੱਲ ਧਿਆਨ ਦੇਵੇ ਸਰਕਾਰ : ਭੁੱਟਾ ਸ਼ਹਿਰਾਂ ਤੋਂ ਪਿੰਡਾਂ ਨੂੰ ਜਾਂਦੀਆਂ ਟੁੱਟੀਆਂ ਸੜਕਾਂ ਵੱਲ ਧਿਆਨ ਦੇਵੇ ਸਰਕਾਰ : ਭੁੱਟਾ
Publish Date: Thu, 22 Oct 2026 05:10 PM (IST)
Updated Date: Thu, 22 Oct 2026 05:12 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਇਲਾਕੇ ਦੀਆਂ ਖ਼ਸਤਾਹਾਲ ਸੜਕਾਂ ਕਾਰਨ ਲੋਕਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਤੋਂ ਪਿੰਡਾਂ ਦੀਆਂ ਲਿੰਕ ਸੜਕਾਂ ਵੱਲ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਸਰਾਏ ਬੰਜਾਰਾ ਤੋਂ ਭਗੜਾਣਾ ਨੂੰ ਜਾਂਦੀ ਸੜਕ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਮਾਰਗ ਦਰਜਨਾਂ ਪਿੰਡਾਂ ਨੂੰ ਆਪਸ ’ਚ ਜੋੜਦਾ ਹੈ, ਪ੍ਰੰਤੂ ਲੰਮੇ ਸਮੇਂ ਤੋਂ ਇਸ ਦੀ ਹਾਲਤ ਬੇਹੱਦ ਖ਼ਰਾਬ ਹੈ ਅਤੇ ਸਰਕਾਰ ਦੀ ਬੇਰੁਖ਼ੀ ਕਾਰਨ ਰਾਹਗੀਰਾਂ ਦੀ ਪ੍ਰੇਸ਼ਾਨੀ ਦਿਨ-ਬ-ਦਿਨ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਫਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨਾਲ ਜੁੜੀ ਹੋਈ ਹੈ, ਜਿੱਥੇ ਹਰ ਸਾਲ ਦਸੰਬਰ ਮਹੀਨੇ ਸ਼ਹੀਦੀ ਸਭਾ ਮੌਕੇ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਨਤਮਸਤਕ ਹੋਣ ਪੁੱਜਦੇ ਹਨ। ਸ਼ਹੀਦੀ ਸਭਾ ’ਚ ਬਹੁਤ ਥੋੜ੍ਹਾ ਸਮਾਂ ਬਾਕੀ ਰਹਿ ਗਿਆ ਹੈ, ਪਰ ਪ੍ਰਸ਼ਾਸਨ ਤੇ ਲੋਕ ਨਿਰਮਾਣ ਵਿਭਾਗ ਮਹਿਜ਼ ਖਾਨਾਪੂਰਤੀ ਕਰ ਕੇ ਲੀਪਾ-ਪੋਚੀ ਕਰਨ ਦੀ ਤਿਆਰੀ ’ਚ ਹੈ। ਉਨ੍ਹਾਂ ਮੰਗ ਕੀਤੀ ਕਿ ਸੜਕਾਂ ਦੀ ਲੀਪਾ-ਪੋਚੀ ਕਰਨ ਦੀ ਬਜਾਏ ਇਨ੍ਹਾਂ ਦੀ ਮਿਆਰੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਆਮ ਲੋਕਾਂ ਸਮੇਤ ਦੇਸ਼-ਵਿਦੇਸ਼ ਤੋਂ ਆਉਣ ਵਾਲੀ ਸੰਗਤ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਹਲਕਾ ਇੰਚਾਰਜ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦਾਅਵੇ ਤਾਂ ਬਹੁਤ ਵੱਡੇ ਕਰਦੇ ਹਨ, ਪ੍ਰੰਤੂ ਜ਼ਮੀਨੀ ਹਕੀਕਤ ਇਹ ਹੈ ਕਿ ਪਿੰਡਾਂ ਦੀਆਂ ਸੜਕਾਂ ਨੂੰ ਬਿਲਕੁਲ ਅਣਗੌਲਿਆ ਕਰ ਦਿੱਤਾ ਗਿਆ ਹੈ। ਸਰਾਏ ਬੰਜਾਰਾ ਤੋਂ ਭਗੜਾਣਾ ਸੜਕ ’ਤੇ ਪਏ ਡੂੰਘੇ ਟੋਇਆਂ ਕਾਰਨ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ, ਜਿਸ ਦੀ ਸਿੱਧੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੋਵੇਗੀ। ਇਸ ਮੌਕੇ ਬਲਵਿੰਦਰ ਸਿੰਘ ਝਾਮਪੁਰ, ਬਲਜਿੰਦਰ ਸਿੰਘ ਮੈਂਬਰ ਬਲਾਕ ਸੰਮਤੀ, ਸੁਖਵਿੰਦਰ ਸਿੰਘ ਬਰਾਸ ਸਰਕਲ ਪ੍ਰਧਾਨ, ਜਗਦੀਪ ਸਿੰਘ ਸਲੇਮਪੁਰ, ਕਾਬਲ ਸਿੰਘ ਝਾਮਪੁਰ, ਹਰਜੀਤ ਸਿੰਘ ਸਲੇਮਪੁਰ, ਮਨਵੀਰ ਸਿੰਘ ਭੁੱਟਾ, ਲਖਵਿੰਦਰ ਸਿੰਘ ਸਲੇਮਪੁਰ, ਮੰਤਰੀ ਚੋਲਟੀਖੇੜੀ, ਗੁਰਮੀਤ ਸਿੰਘ ਸਲੇਮਪੁਰ, ਬਾਲਕ੍ਰਿਸ਼ਨ ਸਿੰਘ ਬਰਾਸ, ਸੁਖਦੇਵ ਸਿੰਘ ਬਰਾਸ, ਬਲਜਿੰਦਰ ਸਿੰਘ ਲਾਲੀ ਸਲੇਮਪੁਰ, ਹਰਦੀਪ ਸਿੰਘ ਸਲੇਮਪੁਰ ਅਤੇ ਮਹਿੰਦਰ ਸਿੰਘ ਸੇਵਾਮੁਕਤ ਬੀਡੀਓ ਸਿੰਧੜਾ ਵੀ ਹਾਜ਼ਰ ਸਨ।