- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਧਿਆਪਕਾਂ ਨੂੰ ਇਨਸਾਫ਼ ਦੇਣ ਦੀ ਬਜਾਏ ਡਾਂਗਾਂ ਨਾਲ ਨਿਵਾਜ ਰਹੀ ਹੈ ‘ਆਪ’ ਸਰਕਾਰ : ਧਾਰਨੀ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਸੈੱਲ ਦੇ ਪ੍ਰਧਾਨ ਤੇ ਮੁੱਖ ਬੁਲਾਰੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਇਸ ਦੇ ਆਗੂਆਂ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਜਿਹੜੀ ਸਰਕਾਰ ਆਪਣੇ ਆਪ ਨੂੰ ਆਮ ਲੋਕਾਂ ਦੀ ਸਰਕਾਰ ਅਖਵਾਉਂਦੀ ਹੈ, ਉਹ ਅੱਜ ਇਨਸਾਫ਼ ਮੰਗ ਰਹੇ ਅਧਿਆਪਕਾਂ ਨੂੰ ਜਵਾਬ ਦੇਣ ਦੀ ਬਜਾਏ ਪੁਲਿਸ ਦੀ ਤਾਕਤ ਨਾਲ ਚੁੱਪ ਕਰਵਾਉਣ ’ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੇ ਹੱਥਾਂ ’ਚ ਕਲਮ ਦੀ ਥਾਂ ਇਨਸਾਫ਼ ਲਈ ਸੰਘਰਸ਼ ਦੇ ਬੈਨਰ ਫੜਾ ਦੇਣ ਵਾਲੀ ਸਰਕਾਰ ਨੂੰ ਸਿੱਖਿਆ ਕ੍ਰਾਂਤੀ ਦੀਆਂ ਗੱਲਾਂ ਕਰਨ ਦਾ ਕੋਈ ਨੈਤਿਕ ਹੱਕ ਨਹੀਂ। ਐਡਵੋਕੇਟ ਧਾਰਨੀ ਨੇ ਕਿਹਾ ਕਿ ਚੰਡੀਗੜ੍ਹ ਦੇ ਸੈਕਟਰ-39 ’ਚ ਮਨੀਸ਼ ਸਿਸੋਦੀਆ ਦੀ ਰਿਹਾਇਸ਼ ਦੇ ਬਾਹਰ 180 ਈਟੀਟੀ ਅਧਿਆਪਕ ਕਥਿਤ ਭਰਤੀ ਧੋਖਾਧੜੀ ਦੇ ਮਾਮਲੇ ’ਚ ਇਨਸਾਫ਼ ਤੇ ਕਾਰਵਾਈ ਦੀ ਮੰਗ ਕਰਨ ਪਹੁੰਚੇ ਸਨ, ਪਰ ਉਨ੍ਹਾਂ ਦੀਆਂ ਮੰਗਾਂ ਸੁਣਨ ਤੇ ਭਰੋਸਾ ਦੇਣ ਦੀ ਬਜਾਏ ਪੁਲਿਸ ਨੇ ਉਨ੍ਹਾਂ ਦਾ ਰਾਹ ਰੋਕ ਦਿੱਤਾ। ਉਨ੍ਹਾਂ ਕਿਹਾ ਕਿ ਸਵਾਲ ਪੁੱਛਣ ਵਾਲੇ ਅਧਿਆਪਕ ਸਰਕਾਰ ਦੇ ਦੁਸ਼ਮਣ ਨਹੀਂ, ਸਗੋਂ ਸੂਬੇ ਦੇ ਭਵਿੱਖ ਨੂੰ ਘੜਨ ਵਾਲੇ ਅਧਿਆਪਕ ਹਨ।