ਬਹਾਲ ਹੋਈ ਪੰਚਾਇਤ ਨੂੰ ‘ਆਪ’ ਆਗੂ ਜਾਣਬੁੱਝ ਕੇ ਕਰ ਰਹੇ ਖੱਜਲ : ਨਾਗਰਾ
ਬਹਾਲ ਹੋਈ ਪੰਚਾਇਤ ਨੂੰ ‘ਆਪ’ ਦੇ ਆਗੂ ਜਾਣਬੁੱਝ ਕੇ ਕਰ ਰਹੇ ਨੇ ਖੱਜਲ : ਨਾਗਰਾ
Publish Date: Mon, 15 Jun 2026 06:02 PM (IST)
Updated Date: Tue, 16 Jun 2026 04:06 AM (IST)

ਕਿਹਾ, ਕਾਂਗਰਸ ਵਿਰੋਧੀਆਂ ਦੀ ਧੱਕੇਸ਼ਾਹੀ ਦਾ ਜਵਾਬ ਕਾਨੂੰਨੀ ਤਰੀਕੇ ਨਾਲ ਦੇਣ ਲਈ ਹਰ ਵੇਲੇ ਤਿਆਰ ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਫਤਹਿਗੜ੍ਹ ਸਾਹਿਬ ਦੇ ਪਿੰਡ ਰਿਊਣਾ ਉੱਚਾ ਵਿਖੇ ਬਹਾਲ ਹੋਈ ਪੰਚਾਇਤ ਨੂੰ ਸਿਆਸੀ ਦਬਾਅ ਹੇਠ ਜਾਣਬੁੱਝ ਕੇ ਖੱਜਲ-ਖੁਆਰ ਕਰਨ ਦੇ ਦੋਸ਼ ਲਗਾਉਂਦਿਆਂ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਵਿਰੋਧੀਆਂ ਦੀ ਧੱਕੇਸ਼ਾਹੀ ਦਾ ਜਵਾਬ ਕਾਨੂੰਨੀ ਤਰੀਕੇ ਨਾਲ ਦੇਣ ਲਈ ਹਰ ਵੇਲੇ ਤਿਆਰ ਹੈ। ਕਰਤਾਰ ਕੰਪਲੈਕਸ ਫਤਹਿਗੜ੍ਹ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਾਗਰਾ ਨੇ ਦੱਸਿਆ ਕਿ ਪਹਿਲਾਂ ਪਿੰਡ ਦੀ ਪੰਚਾਇਤ ’ਤੇ ਬੇਬੁਨਿਆਦ ਇਲਜ਼ਾਮ ਲਗਾ ਕੇ ਸਰਕਾਰੀ ਧੱਕੇਸ਼ਾਹੀ ਰਾਹੀਂ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਅਧਿਕਾਰਿਕ ਪੰਚ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪੰਚਾਇਤ ਮੈਂਬਰਾਂ ਨੇ ਇਸ ਫੈਸਲੇ ਨੂੰ ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸੈਕਟਰੀ ਅਜੀਤ ਬਾਲਾ ਜੋਸ਼ੀ ਦੀ ਅਦਾਲਤ ਵਿੱਚ ਚੁਣੌਤੀ ਦਿੱਤੀ, ਜਿੱਥੇ ਸਾਰੇ ਸਬੂਤ ਪੰਚਾਇਤ ਦੇ ਹੱਕ ਵਿੱਚ ਹੋਣ ਕਾਰਨ ਪੰਚਾਇਤ ਨੂੰ ਬਹਾਲ ਕਰ ਦਿੱਤਾ ਗਿਆ। ਨਾਗਰਾ ਨੇ ਦੋਸ਼ ਲਗਾਇਆ ਕਿ ਬਹਾਲੀ ਦੇ ਹੁਕਮਾਂ ਤੋਂ ਬਾਅਦ ਵੀ ਆਮ ਆਦਮੀ ਪਾਰਟੀ ਦੇ ਕੁਝ ਆਗੂਆਂ ਅਤੇ ਅਧਿਕਾਰਿਕ ਪੰਚ ਵੱਲੋਂ ਆਪਣੀ ਸਿਆਸੀ ਤਾਕਤ ਦਾ ਇਸਤੇਮਾਲ ਕਰਦਿਆਂ ਪੰਚਾਇਤ ਨੂੰ ਪੁਰਾਣਾ ਰਿਕਾਰਡ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰੀ ਹੁਕਮਾਂ ਮੁਤਾਬਕ ਸਬੰਧਤ ਸੈਕਟਰੀ ਵੱਲੋਂ ਇਹ ਰਿਕਾਰਡ ਤੁਰੰਤ ਪੰਚਾਇਤ ਨੂੰ ਸੌਂਪਿਆ ਜਾਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿੰਡ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਵੀ ਰੁਕੀ ਹੋਈ ਹੈ, ਜਿਸ ਕਾਰਨ ਜ਼ਰੂਰਤਮੰਦ ਕਿਸਾਨ ਅਤੇ ਹੋਰ ਲੋਕ ਲਗਾਤਾਰ ਪੰਚਾਇਤ ਕੋਲ ਬੋਲੀ ਕਰਵਾਉਣ ਦੀ ਮੰਗ ਕਰ ਰਹੇ ਹਨ। ਜੀਰੀ ਦੇ ਸੀਜ਼ਨ ਨੂੰ ਦੇਖਦਿਆਂ ਬੋਲੀ ਵਿੱਚ ਹੋ ਰਹੀ ਦੇਰੀ ਕਾਰਨ ਖੇਤੀ ਕਰਨ ਵਾਲੇ ਲੋਕ ਪਹਿਲਾਂ ਹੀ ਨੁਕਸਾਨ ਝੱਲ ਰਹੇ ਹਨ। ਸਾਬਕਾ ਵਿਧਾਇਕ ਨੇ ਦੋਸ਼ ਲਗਾਇਆ ਕਿ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਆਗੂ ਜ਼ਰੂਰਤਮੰਦ ਲੋਕਾਂ ਨਾਲ ਧੱਕਾ ਕਰ ਰਹੇ ਹਨ ਅਤੇ ਦੂਜੇ ਪਾਸੇ ਪੰਚਾਇਤੀ ਜ਼ਮੀਨ ਦੀ ਬੋਲੀ ਰੋਕ ਕੇ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਰੁਕਾਵਟ ਪੈਦਾ ਕਰ ਰਹੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪਿੰਡ ਦੇ ਵਿਕਾਸ ਵਿੱਚ ਇਸੇ ਤਰ੍ਹਾਂ ਅੜਿੱਕੇ ਪਾਏ ਗਏ ਤਾਂ ਕਾਂਗਰਸ ਪਾਰਟੀ ਕਾਨੂੰਨੀ ਤੌਰ ’ਤੇ ਇਸ ਦਾ ਡਟ ਕੇ ਮੁਕਾਬਲਾ ਕਰੇਗੀ। ਇਸ ਮੌਕੇ ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ, ਸਾਬਕਾ ਚੇਅਰਮੈਨ ਬਲਜਿੰਦਰ ਸਿੰਘ ਅਤਾਪੁਰ, ਭੁਪਿੰਦਰ ਸਿੰਘ ਬਧੌਛੀ, ਗੁਰਲਾਲ ਸਿੰਘ ਲਾਲੀ, ਜਸਵਿੰਦਰ ਸਿੰਘ ਜੱਸੀ, ਧਰਮਿੰਦਰ ਸਿੰਘ ਗੋਰਖਾ, ਹਰਦੇਵ ਸਿੰਘ ਪੰਜੋਲਾ, ਕੌਂਸਲਰ ਅਮਰਦੀਪ ਸਿੰਘ ਬੈਨੀਪਾਲ, ਮਾਸਟਰ ਰਵਿੰਦਰ ਸਿੰਘ ਹਰੀਪੁਰ, ਜਗਦੇਵ ਸਿੰਘ, ਸਰਪੰਚ ਰਿਉਣਾ ਉੱਚਾ ਨਰਿੰਦਰ ਕੌਰ, ਪ੍ਰਿੰਤਪਾਲ ਸਿੰਘ, ਤਰਨਪ੍ਰੀਤ ਸਿੰਘ, ਬੂਟਾ ਸਿੰਘ, ਪ੍ਰਦੀਪ ਕੁਮਾਰ, ਸਤਨਾਮ ਸਿੰਘ ਅਤੇ ਗੁਰਜਿੰਦਰ ਸਿੰਘ ਆਦਿ ਮੌਜੂਦ ਸਨ।