- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਆਪ’ ਸਰਕਾਰ ਨੇ ਸੇਵਾ ਕੇਂਦਰਾਂ ਨੂੰ ਪ੍ਰਸ਼ਾਸਨਿਕ ਲਾਪਰਵਾਹੀ ਵੱਲ ਧੱਕਿਆ : ਰਾਜੂ ਖੰਨਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ‘ਆਪ’ ਸਰਕਾਰ ਨੇ ਵੱਲੋਂ ਅਮਲੋਹ ਹਲਕੇ ਦੇ ਸੇਵਾ ਕੇਂਦਰਾਂ ਨੂੰ ਅਣਗਹਿਲੀ ਤੇ ਪ੍ਰਸ਼ਾਸਨਿਕ ਲਾਪਰਵਾਹੀ ਵੱਲ ਧੱਕਿਆ ਜਾ ਰਿਹਾ ਹੈ। ਉਨ੍ਹਾਂ ਨੇ ਪਿੰਡ ਭੱਦਲ ਥੂਹਾ, ਖਨਿਆਣ, ਕੌਲਗੜ੍ਹ, ਤੂਰਾ ਸਲਾਣਾ ਤੇ ਅਮਲੋਹ ਸ਼ਹਿਰ ਵਿਖੇ ਸੇਵਾ ਕੇਂਦਰਾਂ ਦਾ ਦੌਰਾ ਕਰ ਕੇ ਸਮੀਖਿਆ ਕੀਤੀ ਤੇ ਅਕਾਲੀ ਦਲ ਸਰਕਾਰ ਸਮੇਂ ਬਣਾਏ ਗਏ 13 ਸੇਵਾ ਕੇਂਦਰਾਂ ਦੀ ਹਾਲਤ ਦਾ ਜਾਇਜ਼ਾ ਲਿਆ। ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜੂ ਖੰਨਾ ਨੇ ਕਿਹਾ ਕਿ ਪਹਿਲਾਂ ਕਾਂਗਰਸ ਤੇ ਹੁਣ ਆਪ ਸਰਕਾਰਾਂ ਨੇ ਲਗਾਤਾਰ ਇਨ੍ਹਾਂ ਕੇਂਦਰਾਂ ਦੀ ਅਣਦੇਖੀ ਕੀਤੀ, ਜਿਸ ਕਾਰਨ ਆਮ ਲੋਕਾਂ ਦੇ ਸਿੱਧੇ ਫਾਇਦੇ ਲਈ ਬਣਾਏ ਗਏ ਇਹ ਕੇਂਦਰ ਇੱਕ-ਇੱਕ ਕਰ ਕੇ ਬੰਦ ਹੁੰਦੇ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੇਵਾ ਕੇਂਦਰਾਂ ’ਚ 67 ਜ਼ਰੂਰੀ ਸੇਵਾਵਾਂ ਪਿੰਡ ਵਾਸੀਆਂ ਨੂੰ ਦੇਣ ਦੀ ਸਹੂਲਤ ਸੀ ਅਤੇ ਹਰੇਕ ਕੇਂਦਰ 7 ਤੋਂ 8 ਪਿੰਡਾਂ ਨੂੰ ਸੇਵਾਵਾਂ ਮੁਹੱਈਆ ਕਰਵਾਉਂਦਾ ਸੀ, ਜਿਸ ਨਾਲ ਲੋਕਾਂ ਨੂੰ ਜ਼ਿਲ੍ਹਾ ਹੈੱਡਕੁਆਰਟਰ ਜਾਣ ਦੀ ਲੋੜ ਨਹੀਂ ਸੀ ਪੈਂਦੀ। ਉਨ੍ਹਾਂ ਕਿਹਾ ਕਿ ਹਰੇਕ ਕੇਂਦਰ ’ਚ 4 ਤੋਂ 5 ਨੌਜਵਾਨਾਂ ਨੂੰ ਸਿੱਧਾ ਰੁਜ਼ਗਾਰ ਵੀ ਮਿਲਦਾ ਸੀ। ਰਾਜੂ ਖੰਨਾ ਨੇ ਦੋਸ਼ ਲਾਇਆ ਕਿ ਕਾਂਗਰਸ ਤੇ ਆਪ ਸਰਕਾਰਾਂ ਦੇ ਸਮੇਂ ਦੌਰਾਨ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਿਆ ਇਹ ਅਹਿਮ ਢਾਂਚਾ ਖੰਡਰ ਬਣਾ ਦਿੱਤਾ ਗਿਆ ਅਤੇ ਕੇਂਦਰਾਂ ’ਚੋਂ ਸਾਜ਼ੋ-ਸਾਮਾਨ ਤੇ ਫਿਟਿੰਗਾਂ ਚੋਰੀ ਹੋ ਗਈਆਂ।