- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਰੰਟੀਆਂ ਪੂਰੀਆਂ ਕਰਨ ’ਚ ਨਾਕਾਮ ਰਹੀ ‘ਆਪ’ ਸਰਕਾਰ ਦੇ ਆਗੂ ਸੱਥਾਂ ’ਚ ਮੰਗ ਰਹੇ ਮੁਆਫ਼ੀਆਂ : ਨਾਗਰਾ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਇਕ ਪਾਸੇ ਆਮ ਆਦਮੀ ਪਾਰਟੀ ਵੱਲੋਂ ਆਪਣੀਆਂ ਪ੍ਰਾਪਤੀਆਂ ਤੇ ਗਾਰੰਟੀਆਂ ਪੂਰੀਆਂ ਕਰਨ ਦੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਜਦਕਿ ਦੂਜੇ ਪਾਸੇ ਪਾਰਟੀ ਦੇ ਆਗੂ ਹੀ ਵਾਅਦੇ ਪੂਰੇ ਨਾ ਹੋਣ ’ਤੇ ਪਿੰਡਾਂ ਦੀਆਂ ਸੱਥਾਂ ’ਚ ਸ਼ਰਮਿੰਦਗੀ ਮਹਿਸੂਸ ਕਰਦਿਆਂ ਲੋਕਾਂ ਤੋਂ ਮਾਫ਼ੀਆਂ ਮੰਗ ਰਹੇ ਹਨ। ਇਹ ਪ੍ਰਗਟਾਵਾ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਪਿੰਡ ਮੂਲੇਪੁਰ ਵਿਖੇ ਬਿਜਲੀ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਨਾਲ ਮੁਲਾਕਾਤ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਸਰਕਾਰ ਵੱਲੋਂ ਖੇਤੀਬਾੜੀ ਲਈ 8 ਘੰਟੇ ਬਿਜਲੀ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ, ਜਦਕਿ ਜ਼ਮੀਨੀ ਪੱਧਰ ’ਤੇ ਕਿਸਾਨਾਂ ਨੂੰ 3 ਤੋਂ 5 ਘੰਟੇ ਵੀ ਬਿਜਲੀ ਮੁਸ਼ਕਲ ਨਾਲ ਮਿਲ ਰਹੀ ਹੈ। ਲਗਾਤਾਰ ਲੱਗ ਰਹੇ ਕੱਟਾਂ ਕਾਰਨ ਫ਼ਸਲਾਂ ਦੀ ਸਿੰਚਾਈ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਵਿਧਾਇਕ ਦੇ ਆਪਣੇ ਪਿੰਡ ਮੂਲੇਪੁਰ ਅਤੇ ਨੇੜਲੇ ਸੈਫਲਪੁਰ ਫੀਡਰ ਨਾਲ ਸਬੰਧਤ ਲੋਕ ਬਿਜਲੀ ਸੰਕਟ ਕਾਰਨ ਬੇਹਾਲ ਹਨ ਅਤੇ ਅਧਿਕਾਰੀ ਕੋਈ ਠੋਸ ਹੱਲ ਕਰਨ ਦੀ ਬਜਾਏ ਟਾਲਮਟੋਲ ਕਰ ਰਹੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਮੂਲੇਪੁਰ ਤੇ ਆਸ-ਪਾਸ ਦੇ ਇਲਾਕਿਆਂ ’ਚ ਬਿਜਲੀ ਸਪਲਾਈ ਨਿਰਵਿਘਨ ਨਾ ਕੀਤੀ ਗਈ ਤਾਂ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਗੁਰਭੇਜ ਸਿੰਘ ਰਾਏ, ਸਾਬਕਾ ਸਰਪੰਚ ਹਰਿੰਦਰ ਸਿੰਘ ਮੂਲੇਪੁਰ, ਸਾਬਕਾ ਸਰਪੰਚ ਦਵਿੰਦਰ ਸਿੰਘ ਜੱਲਾ, ਮੰਡਲ ਪ੍ਰਧਾਨ ਸੁਖਵਿੰਦਰ ਸਿੰਘ ਕਾਲਾ, ਸਾਬਕਾ ਸਰਪੰਚ ਅਵਤਾਰ ਸਿੰਘ ਅਮਰਗੜ੍ਹ, ਭੁਪਿੰਦਰ ਸਿੰਘ ਰਾਏ, ਧਰਮਿੰਦਰ ਸਿੰਘ ਗੋਰਖਾ, ਬਲਾਕ ਪ੍ਰਧਾਨ ਹਰਮਨ ਸਿੰਘ ਸਿੱਧੂ ਅਤੇ ਹਰਦੀਪ ਸਿੰਘ ਹੈਪੀ ਆਦਿ ਮੌਜੂਦ ਸਨ।