ਫਤਹਿਗੜ੍ਹ ਸਾਹਿਬ ਤੋਂ ਵਿਧਾਇਕ ਰਾਏ ਤੀਜੀ ਵਾਰ ਐਲਾਨੇ ਉਮੀਦਵਾਰ ‘ਆਪ’ ਵੱਲੋਂ ਫਤਹਿਗੜ੍ਹ ਸਾਹਿਬ ਤੋਂ ਵਿਧਾਇਕ ਲਖਬੀਰ ਸਿੰਘ ਰਾਏ ਤੀਜੀ ਵਾਰ ਉਮੀਦਵਾਰ ਐਲਾਨੇ
Publish Date: Sat, 31 Oct 2026 08:09 PM (IST)
Updated Date: Sat, 31 Oct 2026 08:10 PM (IST)
ਗੁਰਪ੍ਰੀਤ ਮਹਿਕ, ਪੰਜਾਬੀ ਜਾਗਰਣ ਫਤਹਿਗੜ੍ਹ ਸਾਹਿਬ : ਵਿਧਾਨ ਸਭਾ ਚੋਣਾਂ 2027 ਲਈ ਆਮ ਆਦਮੀ ਪਾਰਟੀ ਵੱਲੋਂ ਜਾਰੀ ਕੀਤੀ ਗਈ ਪਹਿਲੀ ਸੂਚੀ ’ਚ ਹਲਕਾ ਫਤਹਿਗੜ੍ਹ ਸਾਹਿਬ ਤੋਂ ਮੌਜੂਦਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੂੰ ਤੀਜੀ ਵਾਰ ਉਮੀਦਵਾਰ ਐਲਾਨਿਆ ਗਿਆ ਹੈ। ਟਿਕਟ ਦਾ ਐਲਾਨ ਹੁੰਦਿਆਂ ਹੀ ਵਿਧਾਇਕ ਦੇ ਦਫ਼ਤਰ ਵਿਖੇ ਵਧਾਈਆਂ ਦੇਣ ਵਾਲੇ ਵਰਕਰਾਂ ਦਾ ਤਾਂਤਾ ਲੱਗ ਗਿਆ। ਇਸ ਉਪਰੰਤ ਪਾਰਟੀ ਆਗੂਆਂ ਤੇ ਵਰਕਰਾਂ ਨੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ੁਕਰਾਨਾ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਹਲਕਾ ਫਤਹਿਗੜ੍ਹ ਸਾਹਿਬ ਦੇ ਲੋਕਾਂ ਨੇ ਵਿਧਾਨ ਸਭਾ, ਲੋਕ ਸਭਾ, ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਅਤੇ ਨਗਰ ਕੌਂਸਲ ਚੋਣਾਂ ’ਚ ਹਮੇਸ਼ਾ ਆਮ ਆਦਮੀ ਪਾਰਟੀ ਨੂੰ ਭਰਪੂਰ ਪਿਆਰ ਦਿੱਤਾ ਹੈ। ਇਸੇ ਸਹਿਯੋਗ ਸਦਕਾ ਉਹ ਪੰਜ ਸਾਲ ਹਲਕੇ ਦੀ ਸੇਵਾ ਕਰਨ ਦੇ ਸਮਰੱਥ ਹੋਏ ਹਨ। ਉਨ੍ਹਾਂ ਕਿਹਾ ਕਿ ਕਾਰਜਕਾਲ ਦੌਰਾਨ ਪਿੰਡਾਂ ’ਚ ਖੇਡ ਮੈਦਾਨ, ਸੜਕਾਂ, ਕਮਿਊਨਿਟੀ ਹਾਲ ਅਤੇ ਹੋਰ ਵਿਕਾਸ ਕਾਰਜ ਕਰਵਾ ਕੇ ਸਰਕਾਰੀ ਸਹੂਲਤਾਂ ਘਰ-ਘਰ ਪਹੁੰਚਾਈਆਂ ਗਈਆਂ ਹਨ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਹਲਕਾ ਵਾਸੀ 2027 ਦੀਆਂ ਚੋਣਾਂ ’ਚ ਉਨ੍ਹਾਂ ਨੂੰ ਵੱਡੇ ਬਹੁਮਤ ਨਾਲ ਜਿਤਾ ਕੇ ਭੇਜਣਗੇ ਅਤੇ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਈ ਜਾਵੇਗੀ। ਜ਼ਿਕਰਯੋਗ ਹੈ ਕਿ 55 ਸਾਲਾ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਸਾਲ 1994 ’ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐੱਲਐੱਲਬੀ ਦੀ ਡਿਗਰੀ ਹਾਸਲ ਕੀਤੀ। ਉਨ੍ਹਾਂ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਸਾਲ 1998 ’ਚ ਕਾਂਗਰਸ ਨਾਲ ਜੁੜ ਕੇ ਕੀਤੀ ਅਤੇ ਆਪਣੇ ਜੱਦੀ ਪਿੰਡ ਮੂਲੇਪੁਰ ਤੋਂ ਸਰਬਸੰਮਤੀ ਨਾਲ ਸਰਪੰਚ ਚੁਣੇ ਗਏ। ਇਸ ਮਗਰੋਂ ਉਹ ਸਾਲ 2003 ਤੋਂ 2008 ਤੱਕ ‘ਦ ਫ਼ਤਹਿਗੜ੍ਹ ਸਾਹਿਬ ਸੈਂਟਰਲ ਕੋਆਪਰੇਟਿਵ ਬੈਂਕ’ ਦੇ ਡਾਇਰੈਕਟਰ ਰਹੇ ਅਤੇ ਸਾਲ 2008-2009 ’ਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਫਤਹਿਗੜ੍ਹ ਸਾਹਿਬ ਦੇ ਪ੍ਰਧਾਨ ਚੁਣੇ ਗਏ। ਸਾਲ 2010 ਤੋਂ 2012 ਤੱਕ ਉਹ ਜ਼ਿਲ੍ਹਾ ਕਾਂਗਰਸ ਕਮੇਟੀ ਫਤਹਿਗੜ੍ਹ ਸਾਹਿਬ ਦੇ ਪ੍ਰਧਾਨ ਰਹੇ ਪਰ ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਟਿਕਟ ਨਾ ਮਿਲਣ ਕਾਰਨ ਮਤਭੇਦਾਂ ਦੇ ਚੱਲਦਿਆਂ ਉਨ੍ਹਾਂ ਨੇ ਕਾਂਗਰਸ ਛੱਡ ਦਿੱਤੀ। ਜਨਵਰੀ 2016 ’ਚ ਉਹ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ। ਲਖਬੀਰ ਸਿੰਘ ਰਾਏ ਨੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਪਹਿਲੀ ਵਾਰ ‘ਆਪ’ ਦੀ ਟਿਕਟ ’ਤੇ ਚੋਣ ਲੜੀ ਅਤੇ ਤੀਜੇ ਸਥਾਨ ’ਤੇ ਰਹੇ। ਇਸ ਤੋਂ ਬਾਅਦ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਪਾਰਟੀ ਨੇ ਮੁੜ ਉਨ੍ਹਾਂ ’ਤੇ ਭਰੋਸਾ ਪ੍ਰਗਟਾਇਆ ਅਤੇ ਉਹ 32,199 ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤ ਹਾਸਲ ਕਰਕੇ ਪਹਿਲੀ ਵਾਰ ਵਿਧਾਇਕ ਬਣੇ। ਸਾਲ 2022-2023 ਦੌਰਾਨ ਉਹ ਪੰਜਾਬ ਵਿਧਾਨ ਸਭਾ ਦੀ ਸਰਕਾਰੀ ਭਰੋਸਿਆਂ ਸੰਬੰਧੀ ਕਮੇਟੀ ਅਤੇ ਅਧੀਨ ਵਿਧਾਨ ਕਮੇਟੀ ਦੇ ਮੈਂਬਰ ਵੀ ਰਹੇ। ਹੁਣ ਪਾਰਟੀ ਨੇ ਆਗਾਮੀ ਵਿਧਾਨ ਸਭਾ ਚੋਣਾਂ ਲਈ ਇੱਕ ਵਾਰ ਫਿਰ ਉਨ੍ਹਾਂ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਇਸ ਮੌਕੇ ਕੌਂਸਲਰ ਦਵਿੰਦਰ ਕੌਰ, ਕੌਂਸਲਰ ਅਸੀਸ ਅੱਤਰੀ, ਕੌਂਸਲਰ ਰਾਜੇਸ਼ ਉੱਪਲ, ਕੌਂਸਲਰ ਐਡਵੋਕੇਟ ਹਰਕਮਲ ਸਿੰਘ, ਕੌਂਸਲਰ ਪਵੇਲ ਹਾਂਡਾ, ਰਮੇਸ਼ ਕੁਮਾਰ ਸੋਨੂ, ਪ੍ਰਿਤਪਾਲ ਸਿੰਘ ਜੱਸੀ, ਅਮਰੀਕ ਸਿੰਘ ਬਾਲਪੁਰ, ਦਿਲਪ੍ਰੀਤ ਭੱਟੀ, ਹਰਬੰਸ ਸਿੰਘ, ਰਾਜੇਸ਼ ਕੁਮਾਰ ਸਿੱਖਿਆ ਵਿਭਾਗ, ਮਨਦੀਪ ਪੋਲਾ, ਐਡਵੋਕੇਟ ਕੰਵਰਵੀਰ ਸਿੰਘ ਰਾਏ, ਨੰਬਰਦਾਰ ਜਗਰੂਪ ਸਿੰਘ, ਬਹਾਦਰ ਜਲਾਲ, ਕੌਂਸਲਰ ਬਲਦੇਵ ਜਲਾਲ, ਸਤੀਸ਼ ਲਟੌਰ, ਮਾਨਵ ਟਿਵਾਣਾ, ਬਹਾਦਰ ਖਾਨ, ਹੈਪੀ ਭੈਣੀ, ਬਲਵੀਰ ਚੀਮਾ ਅਤੇ ਦੀਪਕ ਬਾਤਿਸ਼ ਸਮੇਤ ਹੋਰ ਪਤਵੰਤੇ ਹਾਜ਼ਰ ਸਨ।