ਵਿਧਾਇਕ ਲਖਬੀਰ ਸਿੰਘ ਰਾਏ ਨੂੰ ‘ਆਪ’ ਨੇ ਤੀਜੀ ਵਾਰ ਬਣਾਇਆ ਉਮੀਦਵਾਰ ਫਤਹਿਗੜ੍ਹ ਸਾਹਿਬ ਤੋਂ ਵਿਧਾਇਕ ਲਖਬੀਰ ਸਿੰਘ ਰਾਏ ਨੂੰ ‘ਆਪ’ ਨੇ ਤੀਜੀ ਵਾਰ ਬਣਾਇਆ ਉਮੀਦਵਾਰ
Publish Date: Sat, 31 Oct 2026 06:11 PM (IST)
Updated Date: Sat, 31 Oct 2026 06:13 PM (IST)
ਫ਼ਤਹਿਗੜ੍ਹ ਸਾਹਿਬ ਤੋਂ 2017 ਤੇ 2022 ’ਚ ਰਹੇ ਸਨ ਜੇਤੂ ਗੁਰਪ੍ਰੀਤ ਮਹਿਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਵਿਧਾਨ ਸਭਾ ਚੋਣਾਂ 2027 ਲਈ ਆਮ ਆਦਮੀ ਪਾਰਟੀ ਵੱਲੋਂ ਜਾਰੀ ਕੀਤੀ ਗਈ ਪਹਿਲੀ ਸੂਚੀ ’ਚ ਹਲਕਾ ਫਤਹਿਗੜ੍ਹ ਸਾਹਿਬ ਤੋਂ ਮੌਜੂਦਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੂੰ ਤੀਜੀ ਵਾਰ ਉਮੀਦਵਾਰ ਐਲਾਨਿਆ ਗਿਆ ਹੈ। ਜ਼ਿਕਰਯੋਗ ਹੈ ਕਿ ਲਖਬੀਰ ਸਿੰਘ ਰਾਏ ਨੇ ਵਿਧਾਨ ਸਭਾ ਚੋਣਾਂ 2017 ’ਚ ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਚੋਣ ਲੜੀ ਸੀ। ਇਸ ਤੋਂ ਬਾਅਦ ਵਿਧਾਨ ਸਭਾ ਚੋਣਾਂ 2022 ’ਚ ਪਾਰਟੀ ਨੇ ਦੁਬਾਰਾ ਉਨ੍ਹਾਂ ’ਤੇ ਭਰੋਸਾ ਪ੍ਰਗਟਾਇਆ ਅਤੇ ਉਹ 58 ਹਜ਼ਾਰ ਵੋਟਾਂ ਹਾਸਲ ਕਰਕੇ ਜੇਤੂ ਰਹੇ। ਰਾਏ ਸਮਰੱਥਕਾਂ ਅਨੁਸਾਰ, ਹਲਕੇ ’ਚ ਕਰਵਾਏ ਵਿਕਾਸ ਕਾਰਜਾਂ ਅਤੇ ਲੋਕਾਂ ਵਿੱਚ ਮਿਲ ਰਹੇ ਸਮਰਥਨ ਨੂੰ ਦੇਖਦਿਆਂ ਪਾਰਟੀ ਹਾਈ ਕਮਾਂਡ ਨੇ ਮੁੜ ਉਨ੍ਹਾਂ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ। ਟਿਕਟ ਦਾ ਐਲਾਨ ਹੁੰਦਿਆਂ ਹੀ ਵਿਧਾਇਕ ਦੇ ਦਫ਼ਤਰ ਵਿਖੇ ਵਧਾਈਆਂ ਦੇਣ ਵਾਲੇ ਵਰਕਰਾਂ ਦਾ ਤਾਂਤਾ ਲੱਗ ਗਿਆ। ਇਸ ਉਪਰੰਤ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ੁਕਰਾਨਾ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਹਲਕਾ ਫਤਹਿਗੜ੍ਹ ਸਾਹਿਬ ਦੇ ਲੋਕਾਂ ਨੇ ਵਿਧਾਨ ਸਭਾ, ਲੋਕ ਸਭਾ, ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਅਤੇ ਨਗਰ ਕੌਂਸਲ ਚੋਣਾਂ ’ਚ ਹਮੇਸ਼ਾ ਆਮ ਆਦਮੀ ਪਾਰਟੀ ਨੂੰ ਭਰਪੂਰ ਪਿਆਰ ਦਿੱਤਾ ਹੈ। ਇਸੇ ਸਹਿਯੋਗ ਸਦਕਾ ਉਹ ਪੰਜ ਸਾਲ ਹਲਕੇ ਦੀ ਸੇਵਾ ਕਰਨ ਦੇ ਸਮਰੱਥ ਹੋਏ ਹਨ। ਉਨ੍ਹਾਂ ਕਿਹਾ ਕਿ ਕਾਰਜਕਾਲ ਦੌਰਾਨ ਪਿੰਡਾਂ ’ਚ ਖੇਡ ਮੈਦਾਨ, ਸੜਕਾਂ, ਕਮਿਊਨਿਟੀ ਹਾਲ ਅਤੇ ਹੋਰ ਵਿਕਾਸ ਕਾਰਜ ਕਰਵਾ ਕੇ ਸਰਕਾਰੀ ਸਹੂਲਤਾਂ ਘਰ-ਘਰ ਪਹੁੰਚਾਈਆਂ ਗਈਆਂ ਹਨ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਹਲਕਾ ਵਾਸੀ 2027 ਦੀਆਂ ਚੋਣਾਂ ’ਚ ਉਨ੍ਹਾਂ ਨੂੰ ਵੱਡੇ ਬਹੁਮਤ ਨਾਲ ਜਿਤਾ ਕੇ ਭੇਜਣਗੇ ਅਤੇ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਈ ਜਾਵੇਗੀ। ਇਸ ਮੌਕੇ ਕੌਂਸਲਰ ਦਵਿੰਦਰ ਕੌਰ, ਕੌਂਸਲਰ ਅਸੀਸ ਅੱਤਰੀ, ਕੌਂਸਲਰ ਰਾਜੇਸ਼ ਉੱਪਲ, ਕੌਂਸਲਰ ਐਡਵੋਕੇਟ ਹਰਕਮਲ ਸਿੰਘ, ਕੌਂਸਲਰ ਪਵੇਲ ਹਾਂਡਾ, ਰਮੇਸ਼ ਕੁਮਾਰ ਸੋਨੂ, ਪ੍ਰਿਤਪਾਲ ਸਿੰਘ ਜੱਸੀ, ਅਮਰੀਕ ਸਿੰਘ ਬਾਲਪੁਰ, ਦਿਲਪ੍ਰੀਤ ਭੱਟੀ, ਹਰਬੰਸ ਸਿੰਘ, ਰਾਜੇਸ਼ ਕੁਮਾਰ ਸਿੱਖਿਆ ਵਿਭਾਗ, ਮਨਦੀਪ ਪੋਲਾ, ਐਡਵੋਕੇਟ ਕੰਵਰਵੀਰ ਸਿੰਘ ਰਾਏ, ਨੰਬਰਦਾਰ ਜਗਰੂਪ ਸਿੰਘ, ਬਹਾਦਰ ਜਲਾਲ, ਕੌਂਸਲਰ ਬਲਦੇਵ ਜਲਾਲ, ਸਤੀਸ਼ ਲਟੌਰ, ਮਾਨਵ ਟਿਵਾਣਾ, ਬਹਾਦਰ ਖਾਨ, ਹੈਪੀ ਭੈਣੀ, ਬਲਵੀਰ ਚੀਮਾ ਅਤੇ ਦੀਪਕ ਬਾਤਿਸ਼ ਸਮੇਤ ਹੋਰ ਪਤਵੰਤੇ ਹਾਜ਼ਰ ਸਨ।