ਭਿਆਨਕ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ, 1 ਗੰਭੀਰ ਜ਼ਖ਼ਮੀ; ਮ੍ਰਿਤਕ ਦੀ ਚੈਨੀ, ਮੋਬਾਈਲ ਤੇ ਪਰਸ ਚੋਰੀ
ਬੀਤੀ ਰਾਤ ਸਥਾਨਕ ਮੰਡੀ ਗੋਬਿੰਦਗੜ੍ਹ ਰੋਡ ’ਤੇ ਇੱਕ ਸੜਕ ਹਾਦਸੇ ’ਚ ਅਮਲੋਹ ਵਾਸੀ ਇੱਕ ਨੌਜਵਾਨ ਦਿਨੇਸ਼ ਅਰੋੜਾ (ਕਾਕੂ) ਅਰੋੜਾ ਮੋਬਾਈਲ ਕੰਪਨੀ ਦੇ ਮਾਲਕ ਦੀ ਮੌਤ ਹੋ ਗਈ ਜਦੋਂ ਕਿ ਇੱਕ ਨੌਜਵਾਨ ਆਸ਼ੂ ਗੋਇਲ ਸਟਾਈਲ ਗੈਲਰੀ ਦੇ ਮਾਲਕ ਗੰਭੀਰ ਰੂਪ ਜ਼ਖ਼ਮੀ ਹੋ ਗਿਆ। ਹਾਦਸਾ 23 ਜੁਲਾਈ ਰਾਤ 11 ਵਜੇ ਦੇ ਕਰੀਬ ਵਾਪਰਿਆ।
Publish Date: Fri, 24 Jul 2026 11:36 AM (IST)
Updated Date: Fri, 24 Jul 2026 11:39 AM (IST)
ਗਰਗ, ਪੰਜਾਬੀ ਜਾਗਰਣ, ਅਮਲੋਹ। ਬੀਤੀ ਰਾਤ ਸਥਾਨਕ ਮੰਡੀ ਗੋਬਿੰਦਗੜ੍ਹ ਰੋਡ ’ਤੇ ਇੱਕ ਸੜਕ ਹਾਦਸੇ ’ਚ ਅਮਲੋਹ ਵਾਸੀ ਇੱਕ ਨੌਜਵਾਨ ਦਿਨੇਸ਼ ਅਰੋੜਾ (ਕਾਕੂ) ਅਰੋੜਾ ਮੋਬਾਈਲ ਕੰਪਨੀ ਦੇ ਮਾਲਕ ਦੀ ਮੌਤ ਹੋ ਗਈ ਜਦੋਂ ਕਿ ਇੱਕ ਨੌਜਵਾਨ ਆਸ਼ੂ ਗੋਇਲ ਸਟਾਈਲ ਗੈਲਰੀ ਦੇ ਮਾਲਕ ਗੰਭੀਰ ਰੂਪ ਜ਼ਖ਼ਮੀ ਹੋ ਗਿਆ। ਹਾਦਸਾ 23 ਜੁਲਾਈ ਰਾਤ 11 ਵਜੇ ਦੇ ਕਰੀਬ ਵਾਪਰਿਆ।
ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਦਿਨੇਸ਼ ਅਰੋੜਾ ਦੇ ਗਲ ’ਚੋ ਸੋਨੇ ਦੀ ਚੈਨੀ, ਇੱਕ ਮੋਬਾਇਲ ਅਤੇ ਇਕ ਪਰਸ ਗਾਇਬ ਹੈ। ਦੋਵੇਂ ਨੌਜਵਾਨ ਰਾਤ ਨੂੰ ਮੰਡੀ ਗੋਬਿੰਦਗੜ੍ਹ ਤੋਂ ਵਾਪਸ ਅਮਲੋਹ ਆ ਰਹੇ ਸੀ ਕਿ ਹਾਦਸਾ ਵਾਪਰ ਗਿਆ। ਕਾਰ ਇੱਕ ਟਰੱਕ ਨਾਲ ਟਕਰਾ ਗਈ।
ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖਚੇ ਉੱਡ ਗਏ ਅਤੇ ਕਾਰ ਦਾ ਇੰਜਨ 20 ਫੁੱਟ ਦੂਰ ਡਿੱਗ ਗਿਆ। ਕਾਰ ਦੇ ਦੋਵੇਂ ਏਅਰ ਬੈਗ ਖੁੱਲ ਜਾਣ ਤੋਂ ਬਾਅਦ ਵੀ ਇਕ ਨੌਜਵਾਨ ਆਪਣੀ ਜਾਨ ਨਹੀਂ ਬਚਾ ਸਕਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੋਵਾਂ ਨੌਜਵਾਨਾਂ ਨੂੰ ਜ਼ਖ਼ਮੀ ਹਾਲਤ ’ਚ ਪਹਿਲਾਂ ਸਿਵਲ ਹਸਪਤਾਲ ਅਮਲੋਹ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦਿਨੇਸ਼ ਅਰੋੜਾ ਨੂੰ ਮ੍ਰਿਤਕ ਐਲਾਨ ਦਿੱਤਾ ਜਦੋਂ ਕਿ ਆਸ਼ੂ ਗੋਇਲ ਨੂੰ ਡੀ.ਐੱਮ.ਸੀ. ਹਸਪਤਾਲ ਲੁਧਿਆਣਾ ਵਿਖੇ ਭੇਜ ਦਿੱਤਾ ਗਿਆ ਹੈ।
ਦਿਨੇਸ਼ ਅਰੋੜਾ ਉਰਫ ਕਾਕੂ ਸ਼ਹਿਰ ’ਚ ਬਹੁਤ ਹਰਮਨ ਪਿਆਰਾ ਸੀ। ਥੋੜੇ ਸਮੇਂ ’ਚ ਹੀ ਉਸਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਸੀ। ਉਸ ਦੇ ਦੋ ਛੋਟੇ ਬੱਚੇ ਇੱਕ ਸੱਤ ਸਾਲ ਦਾ ਅਤੇ ਤਿੰਨ ਸਾਲ ਦਾ ਹੈ।ਉਸ ਦੀ ਮੌਤ ਤੋਂ ਬਾਅਦ ਸ਼ਹਿਰ ’ਚ ਸੋਗ ਦੀ ਲਹਿਰ ਹੈ। ਉਸ ਦੀ ਇੱਕ ਭੈਣ ਆਸਟ੍ਰੇਲੀਆ ਤੋਂ ਅੱਜ ਰਾਤ ਵਾਪਸ ਆਵੇਗੀ। ਦਿਨੇਸ਼ ਅਰੋੜਾ ਦਾ ਸਸਕਾਰ 25 ਜੁਲਾਈ ਨੂੰ ਅਮਲੋਹ ਵਿਖੇ ਕੀਤਾ ਜਾਵੇਗਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।