- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਏਆਈ ਤੇ ਰੋਬੋਟਿਕਸ ਬਾਰੇ ਵਰਕਸ਼ਾਪ ਕਰਵਾਈ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ (ਡਾਇਟ) ਫਤਹਿਗੜ੍ਹ ਸਾਹਿਬ ਵਿਖੇ ਅਧਿਆਪਕਾਂ ਨੂੰ ਆਧੁਨਿਕ ਤਕਨਾਲੋਜੀ ਨਾਲ ਜੋੜਨ ਦੇ ਮਕਸਦ ਨਾਲ ਆਰਟੀਫ਼ੀਸ਼ੀਅਲ ਇੰਟੈਲੀਜੈਂਸ (ਏਆਈ) ਤੇ ਰੋਬੋਟਿਕਸ ਸਬੰਧੀ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ’ਚ ਰਿਸੋਰਸ ਪਰਸਨ ਰੋਪੜ ਦੇ ਸਾਇੰਸ ਅਧਿਆਪਕ ਜਗਜੀਤ ਸਿੰਘ ਤੇ ਉਨ੍ਹਾਂ ਦੀ ਟੀਮ ਨੇ ਸਿਧਾਂਤਕ ਜਾਣਕਾਰੀ ਦੇਣ ਦੇ ਨਾਲ 4 ਘੰਟੇ ਦਾ ਪ੍ਰੈਕਟੀਕਲ ਸੈਸ਼ਨ ਵੀ ਕਰਵਾਇਆ। ਕਨਵੀਨਰ ਵੰਦਨਾ ਚੋਪੜਾ ਨੇ ਦੱਸਿਆ ਕਿ ਐਫਟੀਐਸ ਰੋਬੋਟਿਕਸ ਟੀਮ ਵੱਲੋਂ 50 ਦੇ ਕਰੀਬ ਮਾਡਲ ਪ੍ਰਦਰਸ਼ਿਤ ਕੀਤੇ ਗਏ ਅਤੇ ਸਿਖਿਆਰਥੀਆਂ ਨੂੰ ਬੇਸਿਕ ਪ੍ਰੋਗਰਾਮਿੰਗ, ਰਾਈਟ ਲਾਈਨ ਫਾਲੋਵਿੰਗ ਕਾਰ ਤੇ ਰੋਲਿੰਗ ਰੋਬੋਟ ਤਿਆਰ ਕਰਨ ਦੀ ਸਿਖਲਾਈ ਦਿੱਤੀ ਗਈ। ਇਸ ਦੌਰਾਨ ਡਰੋਨ ਅਤੇ ਏਅਰ ਸ਼ੋਅ ਵੀ ਮੁੱਖ ਖਿੱਚ ਦਾ ਕੇਂਦਰ ਰਿਹਾ, ਜਿਸ ਰਾਹੀਂ ਡਾਇਟ ਦਾ ਲੋਗੋ ਪ੍ਰਦਰਸ਼ਿਤ ਕਰਨ ਦੇ ਨਾਲ ਜਹਾਜ਼ਾਂ ਤੇ ਡਰੋਨਾਂ ਦੀ ਕਾਰਜਪ੍ਰਣਾਲੀ ਬਾਰੇ ਦੱਸਿਆ ਗਿਆ। ਡਾਇਟ ਦੇ ਪ੍ਰਿੰਸੀਪਲ ਡਾ. ਅਨੰਦ ਗੁਪਤਾ ਨੇ ਕਿਹਾ ਕਿ ਅਧਿਆਪਕਾਂ ਨੂੰ ਤਕਨੀਕੀ ਤੌਰ ’ਤੇ ਸਮਰੱਥ ਬਣਾਉਣ ਲਈ ਅਜਿਹੀਆਂ ਵਰਕਸ਼ਾਪਾਂ ਜ਼ਰੂਰੀ ਹਨ ਤਾਂ ਜੋ ਉਹ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰ ਸਕਣ। ਕੰਵਲਦੀਪ ਸੋਹੀ ਨੇ ਕਿਹਾ ਕਿ ਅਜਿਹੀ ਸਿਖਲਾਈ ਨਾਲ ਸਿੱਖਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ। ਡਾ. ਕੁਲਦੀਪ ਸਿੰਘ ਦੀਪ ਨੇ ਏਆਈ ਅਤੇ ਮਨੁੱਖੀ ਸੰਵੇਦਨਾ ਵਿਚਕਾਰ ਸੰਤੁਲਨ ਬਣਾਉਣ ’ਤੇ ਜ਼ੋਰ ਦਿੱਤਾ, ਜਦਕਿ ਨਰਿੰਦਰ ਕੌਰ ਨੇ ਏਆਈ ਦੀ ਨੈਤਿਕ ਵਰਤੋਂ ਬਾਰੇ ਵਿਚਾਰ ਰੱਖੇ। ਇਸ ਮੌਕੇ ਜਸਪਾਲ ਕੌਰ, ਹਰਪ੍ਰੀਤ ਕੌਰ, ਗੁਰਪ੍ਰੀਤ ਸਿੰਘ, ਤਨਵੀਰ ਸਿੰਘ ਅਤੇ ਹਰਜੀਤ ਸਿੰਘ ਸਮੇਤ ਡਾਇਟ ਦੇ ਹੋਰ ਅਧਿਆਪਕਾਂ ਨੇ ਵੀ ਅਹਿਮ ਯੋਗਦਾਨ ਪਾਇਆ।