ਓਮ ਪ੍ਰਕਾਸ਼ ਬਾਂਸਲ ਸਕੂਲ ਵਿਖੇ ਮਨਮੋਹਕ ਭਾਰਤੀ ਸ਼ਾਸਤਰੀ ਸੰਗੀਤ ਪ੍ਰੋਗਰਾਮ ਕਰਵਾਇਆ
ਓਮ ਪ੍ਰਕਾਸ਼ ਬਾਂਸਲ ਸਕੂਲ ਵਿਖੇ ਮਨਮੋਹਕ ਭਾਰਤੀ ਸ਼ਾਸਤਰੀ ਸੰਗੀਤ ਪ੍ਰੋਗਰਾਮ ਕਰਵਾਇਆ
Publish Date: Tue, 24 Feb 2026 05:38 PM (IST)
Updated Date: Tue, 24 Feb 2026 05:40 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਓਮ ਪ੍ਰਕਾਸ਼ ਬਾਂਸਲ ਮਾਡਰਨ ਸਕੂਲ ਮੰਡੀ ਗੋਬਿੰਦਗੜ੍ਹ ਦੇ ਹੈਰੀਟੇਜ ਕਲੱਬ ਨੇ ‘ਸਮਾਜ ਫਾਰ ਦ ਪ੍ਰਮੋਸ਼ਨ ਆਫ ਇੰਡੀਅਨ ਕਲਾਸੀਕਲ ਮਿਊਜ਼ਿਕ ਐਂਡ ਕਲਚਰ ਅਮੰਗਸਟ ਯੂਥ’ ਦੇ ਸਹਿਯੋਗ ਨਾਲ ਭਾਰਤੀ ਸ਼ਾਸਤਰੀ ਸੰਗੀਤ ’ਤੇ ਅਧਾਰਤ ਮਨਮੋਹਕ ਤੇ ਪ੍ਰੇਰਨਾਦਾਇਕ ਪ੍ਰੋਗਰਾਮ ਕਰਵਾਇਆ। ਇਸ ਦਾ ਮੁੱਖ ਆਕਰਸ਼ਣ ਪ੍ਰਸਿੱਧ ਕਰਨਾਟਕ ਸ਼ਾਸਤਰੀ ਗਾਇਕ ਅਭਿਸ਼ੇਕ ਰਘੂਰਾਮ ਸੀ ਜਿਨ੍ਹਾਂ ਦੇ ਸ਼ਕਤੀਸ਼ਾਲੀ ਅਤੇ ਰੂਹਾਨੀ ਪ੍ਰਦਰਸ਼ਨ ਨੇ ਦਰਸ਼ਕਾਂ ਨੂੰ ਮੋਹਿਤ ਕੀਤਾ। ਉਨ੍ਹਾਂ ਦੇ ਗਾਇਨ ਦੇ ਨਾਲ ਮ੍ਰਿਦੰਗਮ ’ਤੇ ਐਸ. ਹਰੀਹਰਨ ਅਤੇ ਵਾਇਲਨ ’ਤੇ ਅਲੰਗੋਡੇ ਵੀ. ਐਸ. ਗੋਖੂਲ ਸਨ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਨਾ ਸਿਰਫ਼ ਸੰਗੀਤ ਦਾ ਅਨੰਦ ਮਾਣਿਆ ਸਗੋਂ ਭਾਰਤੀ ਸ਼ਾਸਤਰੀ ਪਰੰਪਰਾਵਾਂ ਦੀ ਡੂੰਘਾਈ, ਸੁੰਦਰਤਾ ਅਤੇ ਅਧਿਆਤਮਿਕਤਾ ਦਾ ਵੀ ਅਨੁਭਵ ਕੀਤਾ। ਸਕੂਲ ਪ੍ਰਿੰਸੀਪਲ ਸੰਗੀਤਾ ਸ਼ਰਮਾ ਨੇ ਕਿਹਾ ਕਿ ਪ੍ਰੋਗਰਾਮ ਸਿਰਫ਼ ਇਕ ਸੱਭਿਆਚਾਰਕ ਪੇਸ਼ਕਾਰੀ ਨਹੀਂ ਸਗੋਂ ਸਾਡੀ ਅਮੀਰ ਭਾਰਤੀ ਵਿਰਾਸਤ ਨਾਲ ਜੁੜਨ ਦਾ ਇਕ ਸੁੰਦਰ ਮੌਕਾ ਹੈ। ਭਾਰਤੀ ਸ਼ਾਸਤਰੀ ਸੰਗੀਤ ਵਿਚ ਸਾਡੇ ਮਨ, ਬੁੱਧੀ ਅਤੇ ਆਤਮਾ ਨੂੰ ਸੰਤੁਲਿਤ ਕਰਨ ਦੀ ਵਿਲੱਖਣ ਸ਼ਕਤੀ ਹੈ। ਉਨ੍ਹਾਂ ਕਲਾਕਾਰਾਂ ਦਾ ਅਜਿਹਾ ਬ੍ਰਹਮ ਅਤੇ ਪ੍ਰੇਰਨਾਦਾਇਕ ਅਨੁਭਵ ਪ੍ਰਦਾਨ ਕਰਨ ਲਈ ਧੰਨਵਾਦ ਵੀ ਕੀਤਾ।