- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਲੋਹ ਦੇ ਬਾਜ਼ਾਰ ’ਚ ਕੱਪੜੇ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ

ਗਰਗ, ਪੰਜਾਬੀ ਜਾਗਰਣ, ਅਮਲੋਹ : ਅਮਲੋਹ ਦੇ ਮੁੱਖ ਬਾਜ਼ਾਰ ’ਚ ਬੀਤੀ ਰਾਤ ਇੱਕ ਕੱਪੜੇ ਅਤੇ ਗਹਿਣਿਆਂ ਦੀ ਦੁਕਾਨ ’ਚ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਰਾਤ ਵੇਲੇ ਬਾਜ਼ਾਰ ਦੇ ਸੀਪੀਓ ਅਸ਼ੋਕ ਕੁਮਾਰ ਨੇ ਦੁਕਾਨ ’ਚੋਂ ਧੂੰਆਂ ਨਿਕਲਦਾ ਦੇਖ ਕੇ ਖੰਨੇ ਵਾਲੇ ਐਸ਼ ਕੁਲੈਕਸ਼ਨ ਦੇ ਪ੍ਰੀਤ ਕੰਵਰਜੀਤ ਸਿੰਘ ਤੇ ਦੁਕਾਨ ਮਾਲਕ ਮੋਹਿਤ ਗਰਗ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਮੰਡੀ ਗੋਬਿੰਦਗੜ੍ਹ ਤੋਂ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਰਾਤ ਢਾਈ ਵਜੇ ਅੱਗ ’ਤੇ ਕਾਬੂ ਪਾਇਆ। ਇਸ ਉਪਰੰਤ ਤੜਕੇ ਸਾਢੇ ਤਿੰਨ ਵਜੇ ਦੁਕਾਨ ’ਚੋਂ ਮੁੜ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ, ਜਿਸ ਤੋਂ ਬਾਅਦ ਫਾਇਰ ਅਫ਼ਸਰ ਜਗਜੀਤ ਸਿੰਘ ਦੀ ਅਗਵਾਈ ਹੇਠ ਟੀਮ ਨੇ ਦੁਬਾਰਾ ਮੌਕੇ ’ਤੇ ਪਹੁੰਚ ਕੇ ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਦੇ ਸਹਿਯੋਗ ਨਾਲ ਅੱਗ ਨੂੰ ਆਲੇ-ਦੁਆਲੇ ਦੀਆਂ ਦੁਕਾਨਾਂ ਤੱਕ ਫੈਲਣ ਤੋਂ ਰੋਕਿਆ। ਦੁਕਾਨ ਮਾਲਕ ਐਡਵੋਕੇਟ ਮੋਹਿਤ ਗਰਗ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਇਮਾਰਤ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਪ੍ਰੀਤ ਕੰਵਰਜੀਤ ਸਿੰਘ ਨੇ ਦੱਸਿਆ ਕਿ ਦੁਕਾਨ ’ਚ ਰੱਖੇ ਲੇਡੀਜ਼ ਸੂਟ, ਗਹਿਣੇ ਅਤੇ ਹੋਰ ਸਾਰਾ ਕੀਮਤੀ ਸਾਮਾਨ ਪੂਰੀ ਤਰ੍ਹਾਂ ਸੜ ਕੇ ਨਸ਼ਟ ਹੋ ਗਿਆ ਹੈ।