ਮੁਫ਼ਤ ਹੋਮਿਓਪੈਥੀ ਤੇ ਆਯੁਰਵੈਦਿਕ ਕੈਂਪ ਲਗਾਇਆ ਡੇਰਾ ਬਾਬਾ ਮਸਤ ਰਾਮ ਵਿਖੇ ਮੁਫ਼ਤ ਹੋਮਿਓਪੈਥੀ ਤੇ ਆਯੁਰਵੈਦਿਕ ਕੈਂਪ ਲਗਾਇਆ
Publish Date: Sun, 20 Sep 2026 04:27 PM (IST)
Updated Date: Sun, 20 Sep 2026 04:29 PM (IST)
ਫ਼ੋਟੋ ਫ਼ਾਈਲ : 4 ਡੇਰਾ ਬਾਬਾ ਮਸਤ ਰਾਮ ਵਿਖੇ ਲਗਾਏ ਗਏ ਹੋਮਿਓਪੈਥੀ ਤੇ ਆਯੁਰਵੈਦਿਕ ਕੈਂਪ ਦਾ ਦ੍ਰਿਸ਼। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖਮਾਣੋ : ਪੰਜਾਬ ਸਰਕਾਰ ਦੇ ਆਯੂਸ਼ ਵਿਭਾਗ ਦੇ ਡਾਇਰੈਕਟਰ ਆਯੁਰਵੇਦ ਪੰਜਾਬ ਡਾ. ਰਮਨ ਖੰਨਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ. ਮੰਜੂ ਅਤੇ ਜ਼ਿਲ੍ਹਾ ਹੋਮਿਓਪੈਥੀ ਅਫ਼ਸਰ ਡਾ. ਰੁਪਿੰਦਰ ਕੌਰ ਦੀ ਅਗਵਾਈ ਹੇਠ ਡੇਰਾ ਬਾਬਾ ਮਸਤ ਰਾਮ ਜਟਾਣਾ ਨੀਵਾਂ ਵਿਖੇ ਆਯੂਸ਼ ਵੱਲੋਂ ਮੁਫ਼ਤ ਹੋਮਿਓਪੈਥੀ ਅਤੇ ਆਯੁਰਵੈਦਿਕ ਕੈਂਪ ਲਗਾਇਆ ਗਿਆ। ਜਾਣਕਾਰੀ ਦਿੰਦਿਆਂ ਆਯੁਰਵੈਦਿਕ ਮੈਡੀਕਲ ਅਫ਼ਸਰ ਡਾ. ਨੀਲਮ ਚਾਵਲਾ ਨੇ ਦੱਸਿਆ ਕਿ ਕੈਂਪ ਦੌਰਾਨ 410 ਮਰੀਜ਼ਾਂ ਦੀ ਜਾਂਚ ਕੀਤੀ ਗਈ। ਹੋਮਿਓਪੈਥੀ ਦੇ ਮਾਹਿਰ ਮੈਡੀਕਲ ਅਫ਼ਸਰ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਹੋਮਿਓਪੈਥੀ ਵਿਧੀ ਰਾਹੀਂ 398 ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਤਰ੍ਹਾਂ ਕੈਂਪ ’ਚ ਕੁੱਲ 808 ਮਰੀਜ਼ਾਂ ਦਾ ਨਿਰੀਖਣ ਕਰਕੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਡਾਕਟਰਾਂ ਨੇ ਦੱਸਿਆ ਕਿ ਅੱਜ-ਕੱਲ੍ਹ ਲੋਕਾਂ ਦਾ ਰੁਝਾਨ ਹੋਮਿਓਪੈਥੀ ਅਤੇ ਆਯੁਰਵੇਦ ਵੱਲ ਵਧ ਰਿਹਾ ਹੈ, ਕਿਉਂਕਿ ਸਰਕਾਰ ਵੱਲੋਂ ਵੀ ਸਮੇਂ-ਸਮੇਂ ’ਤੇ ਦੋਵਾਂ ਇਲਾਜ ਪ੍ਰਣਾਲੀਆਂ ਪ੍ਰਤੀ ਜਾਗਰੂਕਤਾ ਫੈਲਾਈ ਜਾ ਰਹੀ ਹੈ। ਇਸ ਮੌਕੇ ਮੈਡੀਕਲ ਅਫ਼ਸਰ ਡਾ. ਰਮਨ, ਉਪ ਵੈਦ ਹਰਪ੍ਰੀਤ ਸਿੰਘ, ਉਪ ਵੈਦ ਮਹਿੰਦਰ ਸਿੰਘ, ਉਪ ਵੈਦ ਮਨਪ੍ਰੀਤ ਸਿੰਘ, ਅਟੈਂਡੈਂਟ ਰਾਜੀਵ ਕੁਮਾਰ, ਫਾਰਮਾਸਿਸਟ ਗੁਰਵਿੰਦਰ ਕੌਰ, ਮਨਪ੍ਰੀਤ ਸਿੰਘ ਸਮੇਤ ਹੋਰ ਸਟਾਫ਼ ਨੇ ਸੇਵਾਵਾਂ ਨਿਭਾਈਆਂ। ਡੇਰੇ ਦੇ ਮੁੱਖ ਗੱਦੀ ਨਸ਼ੀਨ ਬਾਬਾ ਮਨੀ ਦਾਸ, ਰਜਿੰਦਰ ਸਿੰਘ ਕਾਲਾ, ਜਸਵੀਰ ਸਿੰਘ, ਮਲਕੀਤ ਸਿੰਘ, ਬਾਬਾ ਸਾਗਰ ਸਿੰਘ ਅਤੇ ਰਜਿੰਦਰ ਸਿੰਘ ਰਾਜਾ ਨੇ ਕੈਂਪ ਲਗਾਉਣ ਵਾਲੀ ਟੀਮ ਦਾ ਧੰਨਵਾਦ ਕੀਤਾ।