- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਬੀਯੂ ’ਚ ਰਾਣਾ ਰਣਬੀਰ ਦੇ ਨਾਟਕ ‘ਬੰਦੇ ਬਣੋ ਬੰਦੇ’ ਦੀ ਸੱਭਿਆਚਾਰਕ ਸ਼ਾਮ ਕਰਵਾਈ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਪੰਜਾਬੀ ਕਲਾ, ਰੰਗਮੰਚ ਤੇ ਸੱਭਿਆਚਾਰ ਨੂੰ ਸਮਰਪਿਤ ਇਕ ਵਿਸ਼ੇਸ਼ ਸੱਭਿਆਚਾਰਕ ਸ਼ਾਮ ਕਰਵਾਈ ਗਈ। ਸਮਾਗਮ ’ਚ ਮੁੱਖ ਮਹਿਮਾਨ ਵਜੋਂ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਨੇ ਸ਼ਿਰਕਤ ਕੀਤੀ, ਜਦਕਿ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਪ੍ਰੈਜ਼ੀਡੈਂਟ ਇੰਜ. ਸੰਦੀਪ ਸਿੰਘ, ਉਪ-ਕੁਲਪਤੀ ਡਾ. ਹਰਸ਼ ਸਦਾਵਰਤੀ, ਉਪ-ਪ੍ਰਧਾਨ ਡਾ. ਪਰਵਿੰਦਰ ਸਿੰਘ, ਏਡੀਸੀ (ਡੀ) ਫਤਹਿਗੜ੍ਹ ਸਾਹਿਬ ਸੁਰਿੰਦਰ ਸਿੰਘ ਢਿੱਲੋਂ ਅਤੇ ਬੀਡੀਪੀਓ ਅਮਲੋਹ ਚੰਦ ਸਿੰਘ ਵੀ ਹਾਜ਼ਰ ਰਹੇ। ਇਸ ਸ਼ਾਮ ਦਾ ਮੁੱਖ ਖਿੱਚ ਦਾ ਕੇਂਦਰ ਪ੍ਰਸਿੱਧ ਪੰਜਾਬੀ ਰੰਗਮੰਚ ਕਲਾਕਾਰ ਅਤੇ ਅਦਾਕਾਰ ਰਾਣਾ ਰਣਬੀਰ ਅਤੇ ਰਾਜਬੀਰ ਬੋਪਾਰਾਏ ਵੱਲੋਂ ਪੇਸ਼ ਕੀਤਾ ਗਿਆ ਨਾਟਕ ‘ਬੰਦੇ ਬਣੋ ਬੰਦੇ’ ਰਿਹਾ। ਰਾਣਾ ਰਣਬੀਰ ਨੇ ਆਪਣੀ ਦਮਦਾਰ ਅਦਾਕਾਰੀ, ਕਹਾਣੀ ਕਹਿਣ ਦੇ ਅੰਦਾਜ਼ ਅਤੇ ਹਾਸ-ਵਿਅੰਗ ਰਾਹੀਂ ਦਰਸ਼ਕਾਂ ਨਾਲ ਸਿੱਧਾ ਸੰਵਾਦ ਰਚਾਇਆ। ਨਾਟਕ ਰਾਹੀਂ ਮਨੁੱਖੀ ਕਦਰਾਂ-ਕੀਮਤਾਂ, ਸਮਾਜਿਕ ਰਿਸ਼ਤਿਆਂ ਅਤੇ ਅਜੋਕੇ ਦੌਰ ਦੀਆਂ ਹਕੀਕਤਾਂ ’ਤੇ ਡੂੰਘੀ ਚੋਟ ਕਰਦਿਆਂ ਦਰਸ਼ਕਾਂ ਨੂੰ ਗੰਭੀਰ ਚਿੰਤਨ ਕਰਨ ਦਾ ਸੁਨੇਹਾ ਦਿੱਤਾ ਗਿਆ। ਦਰਸ਼ਕਾਂ ਨੇ ਇਸ ਸ਼ਾਨਦਾਰ ਪੇਸ਼ਕਾਰੀ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਡਾ. ਤਜਿੰਦਰ ਕੌਰ ਵੱਲੋਂ ਰਾਣਾ ਰਣਬੀਰ ਸਮੇਤ ਉਨ੍ਹਾਂ ਦੀ ਟੀਮ ਦੇ ਮੈਂਬਰ ਰਾਜਬੀਰ ਬੋਪਾਰਾਏ, ਸੰਗੀਤਾ ਸ਼ਰਮਾ ਅਤੇ ਲਵਲੀਨ ਨੂੰ ਸਨਮਾਨਿਤ ਕੀਤਾ ਗਿਆ। ਯੂਨੀਵਰਸਿਟੀ ਪ੍ਰਬੰਧਕਾਂ ਨੇ ਕਿਹਾ ਕਿ ਅਜਿਹੇ ਸੱਭਿਆਚਾਰਕ ਉਪਰਾਲੇ ਨੌਜਵਾਨ ਪੀੜ੍ਹੀ ਨੂੰ ਆਪਣੀ ਮਾਂ-ਬੋਲੀ, ਸਾਹਿਤ ਅਤੇ ਵਿਰਸੇ ਨਾਲ ਜੋੜਨ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ। ਸਮਾਗਮ ਦੌਰਾਨ ਵੱਡੀ ਗਿਣਤੀ ’ਚ ਅਧਿਆਪਕ, ਵਿਦਿਆਰਥੀ ਅਤੇ ਪਤਵੰਤੇ ਮੌਜੂਦ ਸਨ।