- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਿਆਨਕ ਬਿਮਾਰੀ ਨਾਲ ਜੂਝ ਰਹੇ 13 ਸਾਲਾ ਬੱਚੇ ਦੇ ਇਲਾਜ ਲਈ 6 ਲੱਖ ਦੇ ਟੀਕੇ ਦੀ ਲੋੜ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖਮਾਣੋ : ਖਮਾਣੋਂ ਦੇ ਇਕ ਮਜ਼ਦੂਰ ਪਰਿਵਾਰ ਦਾ ਇਕਲੌਤਾ 13 ਸਾਲਾ ਪੁੱਤਰ ਕਰਨਵੀਰ ਸਿੰਘ ਪਿਤਾ ਦੀ ਮੌਤ ਦਾ ਸਦਮਾ ਲੱਗਣ ਕਾਰਨ ‘ਪੈਰੋਫੇਰੀਆ’ ਨਾਂ ਦੀ ਭਿਆਨਕ ਬਿਮਾਰੀ ਨਾਲ ਜੂਝ ਰਿਹਾ ਹੈ। ਉਸ ਦੀ ਜਾਨ ਬਚਾਉਣ ਲਈ 6 ਲੱਖ ਰੁਪਏ ਦਾ ਇਕ ਇੰਜੈਕਸ਼ਨ ਲੱਗਣਾ ਹੈ। ਬੱਚੇ ਦੇ ਪਿਤਾ ਸੁਖਜੰਟ ਸਿੰਘ ਉਰਫ਼ ਗੋਰਖੇ ਦੀ 17 ਦਸੰਬਰ 2024 ਨੂੰ ਬਿਮਾਰੀ ਕਾਰਨ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਪਰਿਵਾਰ ਗਹਿਰੇ ਸਦਮੇ ਅਤੇ ਆਰਥਿਕ ਤੰਗੀ ’ਚ ਘਿਰ ਗਿਆ। ਮੌਜੂਦਾ ਸਮੇਂ ਸੁਖਜੰਟ ਸਿੰਘ ਦੀ ਪਤਨੀ ਗਗਨਦੀਪ ਕੌਰ ਨੂੰ ਮਿਲ ਰਹੀ 4500 ਰੁਪਏ ਦੀ ਵਿਧਵਾ ਪੈਨਸ਼ਨ ਨਾਲ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਕਰਨਵੀਰ ਸਿੰਘ ਨੂੰ ਅਚਾਨਕ ਦੌਰੇ ਪੈਣ ਕਾਰਨ ਉਹ ਘਰ ’ਚ ਡਿੱਗ ਪਿਆ ਸੀ। ਬੱਚੇ ਦੀ ਮਾਂ ਗਗਨਦੀਪ ਕੌਰ ਨੇ ਬੇਹੋਸ਼ੀ ਦੀ ਹਾਲਤ ’ਚ ਕਰਨਵੀਰ ਸਿੰਘ ਨੂੰ ਖਮਾਣੋਂ ਦੇ ਮਾਹਿਰ ਡਾ. ਸ਼ੈਫ਼ੀ ਰਾਣਾ (ਐਮਡੀ ਮੈਡੀਸਨ, ਡੀਐਮ ਗੈਸਟਰੋ) ਨੂੰ ਵਿਖਾਇਆ, ਜਿੱਥੇ ਉਨ੍ਹਾਂ ਨੇ ਇਸ ਗੰਭੀਰ ਬਿਮਾਰੀ ਦਾ ਨਾਮ ਪੈਰੋਫੇਰੀਆ ਦੱਸਿਆ ਤੇ ਬੱਚੇ ਨੂੰ ਪੀਜੀਆਈ ਚੰਡੀਗੜ੍ਹ ਲਈ ਰੈਫ਼ਰ ਕਰ ਦਿੱਤਾ। ਡਾ. ਸ਼ੈਫ਼ੀ ਰਾਣਾ ਨੇ ਦੱਸਿਆ ਕਿ ਬੱਚੇ ਦਾ ਅਕਸਰ ਸੋਡੀਅਮ ਘੱਟ ਜਾਂਦਾ ਹੈ, ਜਿਸ ਕਰਕੇ ਉਸ ਨੂੰ ਅਚਾਨਕ ਦੌਰਾ ਪੈ ਜਾਂਦਾ ਹੈ ਅਤੇ ਉਹ ਖੜ੍ਹਾ-ਖੜ੍ਹਾ ਆਪਣੇ ਆਪ ਡਿੱਗ ਜਾਂਦਾ ਹੈ। ਪੀਜੀਆਈ ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਕਰਨਵੀਰ ਸਿੰਘ ਦੀ ਮਾਂ ਗਗਨਦੀਪ ਕੌਰ ਨੇ ਰੋਂਦਿਆਂ ਦੱਸਿਆ ਕਿ ਡਾਕਟਰਾਂ ਨੇ ਬੱਚੇ ਦੀ ਜਾਨ ਬਚਾਉਣ ਲਈ 6 ਲੱਖ ਰੁਪਏ ਦਾ ਇਕ ਇੰਜੈਕਸ਼ਨ ਲਿਖਿਆ ਹੈ। ਦੁੱਖਾਂ ਦਾ ਪਹਾੜ ਉਦੋਂ ਹੋਰ ਗਹਿਰਾ ਹੋ ਗਿਆ ਜਦੋਂ ਕਰਨਵੀਰ ਸਿੰਘ ਦੀ 6 ਸਾਲਾ ਛੋਟੀ ਭੈਣ ਸਿਮਰਨਜੀਤ ਕੌਰ ਨੂੰ ਵੀ ਪੀਜੀਆਈ ਦੇ ਡਾਕਟਰਾਂ ਨੇ ਟੈਸਟ ਕਰਵਾਉਣ ਲਈ ਕਿਹਾ ਤਾਂ ਜੋ ਵੇਖਿਆ ਜਾ ਸਕੇ ਕਿ ਅਜਿਹੀ ਬਿਮਾਰੀ ਨਿੱਕੀ ਬੱਚੀ ’ਚ ਤਾਂ ਨਹੀਂ ਹੈ। ਦੋਵਾਂ ਬੱਚਿਆਂ ਦੀ ਮਾਂ ਗਗਨਦੀਪ ਕੌਰ ਅੰਤਾਂ ਦੀ ਗ਼ਰੀਬੀ ਕਾਰਨ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ। ਗਗਨਦੀਪ ਕੌਰ ਨੇ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਸ ਨੂੰ ਕਿਸੇ ਨਕਦ ਪੈਸੇ ਦੀ ਲੋੜ ਨਹੀਂ, ਸਗੋਂ ਉਸ ਦੇ ਬੱਚੇ ਦੀ ਜਾਨ ਬਚਾਉਣ ਲਈ ਸਿਰਫ਼ ਟੀਕੇ ਦਾ ਪ੍ਰਬੰਧ ਕਰਵਾਇਆ ਜਾਵੇ।