40 ਰੋਜ਼ਾ ਗੁਰਮਤਿ ਸਮਾਗਮ ਸੰਪੰਨ
40 ਰੋਜ਼ਾ ਗੁਰਮਤਿ ਸਮਾਗਮ ਸੰਪੰਨ: ਸ਼ਰਧਾ ਦਾ ਉਮੜਿਆ ਦਰਿਆ, ਹਜ਼ਾਰਾਂ ਸ਼ਰਧਾਲੂ ਨਤਮਸਤਕ
Publish Date: Fri, 03 Apr 2026 06:33 PM (IST)
Updated Date: Fri, 03 Apr 2026 06:34 PM (IST)

ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਪਾਵਨ ਯਾਦ ’ਚ 40 ਰੋਜ਼ਾ ਗੁਰਮਤਿ ਸਮਾਗਮ ਦਾ ਅੰਤਿਮ ਦੀਵਾਨ ਬਹੁਤ ਹੀ ਸ਼ਰਧਾ, ਭਗਤੀ ਤੇ ਉਤਸ਼ਾਹ ਨਾਲ ਸੰਪੰਨ ਹੋਇਆ। ਸਮਾਗਮ ਦੇ ਅੰਤਿਮ ਦਿਨ ਸ਼ਰਧਾ ਦਾ ਐਸਾ ਦਰਿਆ ਉਮੜਿਆ ਵੱਡੀ ਗਿਣਤੀ ਸੰਗਤ ਨੇ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਅੰਤਿਮ ਦੀਵਾਨ ਵਿਚ ਪ੍ਰਸਿੱਧ ਕੀਰਤਨਕਾਰ ਭਾਈ ਜਸਵਿੰਦਰ ਸਿੰਘ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਸ਼ਬਦ ਕੀਰਤਨ ਨਾਲ ਸਾਰਾ ਮਾਹੌਲ ਗੁਰਮਤਿ ਰੰਗ ਵਿਚ ਰੰਗਿਆ ਗਿਆ। ਸਮਾਗਮ ਦੇ ਅੰਤਿਮ ਦਿਨ ਸਵੇਰੇ ਤੋਂ ਲੈ ਕੇ ਦੇਰ ਰਾਤ ਤੱਕ ਧਾਰਮਿਕ ਪ੍ਰੋਗਰਾਮ ਲਗਾਤਾਰ ਚੱਲਦੇ ਰਹੇ। ਸੰਗਤ ਵੱਲੋਂ ਸਰੋਵਰ ਵਿਚ ਇਸ਼ਨਾਨ ਕਰਨ ਲਈ ਸਵੇਰੇ ਤੋਂ ਹੀ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਦਿਨ ਭਰ ਢਾਡੀ ਜਥੇ, ਵੱਖ-ਵੱਖ ਖੇਤਰਾਂ ਤੋਂ ਆਏ ਕੀਰਤਨੀ ਜਥੇ ਅਤੇ ਕਥਾਵਾਚਕਾਂ ਨੇ ਸੰਗਤ ਨੂੰ ਗੁਰਮਤਿ ਵਿਚਾਰਾਂ ਨਾਲ ਜੋੜਿਆ। ਇਸ ਦੌਰਾਨ ਦਸਤਾਰ ਮੁਕਾਬਲੇ, ਮੈਡੀਕਲ ਕੈਂਪ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਸਕੂਲ ਦਾ ਸਮਾਨ ਵੰਡਣ ਵਰਗੇ ਸਮਾਜਿਕ ਸੇਵਾ ਕਾਰਜ ਵੀ ਕਰਵਾਏ ਗਏ। ਸੰਗਤ ਲਈ ਦਿਨ ਭਰ ਗੁਰੂ ਦਾ ਅਟੁੱਟ ਲੰਗਰ ਚੱਲਦਾ ਰਿਹਾ। ਦੇਰ ਸ਼ਾਮ ਸੰਗਤ ਦੀ ਸੇਵਾ ਲਈ ਕਰੀਬ ਇਕ ਦਰਜਨ ਸਟਾਲ ਲਗਾਏ ਗਏ, ਜਿਨ੍ਹਾਂ ਵਿਚ ਖਾਣ-ਪੀਣ ਦੇ ਸਮਾਨ ਤੋਂ ਇਲਾਵਾ ਮੈਡੀਕਲ ਦਵਾਈਆਂ, ਧਾਰਮਿਕ ਕਿਤਾਬਾਂ, ਪੇਂਟਿੰਗਜ਼ ਅਤੇ ਹੋਰ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ। ਸਮਾਗਮ ਵਿਚ ਸੇਵਾ ਨਿਭਾਉਣ ਵਾਲੇ ਸਾਰੇ ਸੇਵਾਦਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਦੌਰਾਨ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੰਡੀ ਗੋਬਿੰਦਗੜ੍ਹ ਆਗਮਨ ਦਾ ਇਤਿਹਾਸ ਵੀ ਸੰਗਤ ਨਾਲ ਸਾਂਝਾ ਕੀਤਾ ਗਿਆ। ਦੱਸਿਆ ਗਿਆ ਕਿ ਗੁਰੂ ਸਾਹਿਬ ਨੇ ਇੱਥੇ ਆ ਕੇ ਜਾਣਕੀ ਦਾਸ ਲੁਹਾਰ ਨੂੰ ਅਸੀਸ ਦਿੱਤੀ ਸੀ ਕਿ ਇਹ ਥਾਂ ਅੱਗੇ ਚੱਲ ਕੇ “ਲੋਹਾ ਮੰਡੀ” ਦੇ ਨਾਮ ਨਾਲ ਪ੍ਰਸਿੱਧ ਹੋਵੇਗੀ। ਅੰਤਿਮ ਦੀਵਾਨ ਦੇ ਮੌਕੇ ’ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਉੱਤੇ ਫੁੱਲਾਂ ਦੀ ਵਰਖਾ ਕੀਤੀ ਗਈ, ਜਦਕਿ ਆਸਮਾਨ ਵਿਚ ਭਵਿਆ ਆਤਿਸ਼ਬਾਜ਼ੀ ਨੇ ਮਾਹੌਲ ਨੂੰ ਹੋਰ ਵੀ ਭਗਤੀਮਈ ਬਣਾ ਦਿੱਤਾ। ਹਰ ਪਾਸੇ “ਵਾਹਿਗੁਰੂ-ਵਾਹਿਗੁਰੂ” ਦੇ ਜੈਕਾਰਿਆਂ ਦੀ ਗੂੰਜ ਸੁਣਾਈ ਦਿੱਤੀ। ਕਰੀਬ 100 ਤੋਂ ਵੱਧ ਪਿੰਡਾਂ ਅਤੇ ਇਕ ਦਰਜਨ ਸ਼ਹਿਰਾਂ ਤੋਂ ਸ਼ਰਧਾਲੂ ਇਸ ਸਮਾਗਮ ਵਿਚ ਸ਼ਾਮਲ ਹੋਏ। ਅੰਤ ਵਿਚ ਹੈੱਡ ਗ੍ਰੰਥੀ ਬਾਬਾ ਕੁਲਵਿੰਦਰ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹੋਏ 40 ਦਿਨਾਂ ਤੱਕ ਸਹਿਯੋਗ ਦੇਣ ਵਾਲੀ ਸੰਗਤ ਦਾ ਧੰਨਵਾਦ ਕੀਤਾ ਅਤੇ ਵਿਸ਼ਵ ਸ਼ਾਂਤੀ ਦੀ ਕਾਮਨਾ ਕੀਤੀ।