
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

1600 ਵਿਦਿਆਰਥੀਆਂ ਨੇ ‘ਭਾਰਤ ਕੋ ਜਾਨੋ’ ਲਿਖਤੀ ਟੈਸਟ ’ਚ ਲਿਆ ਭਾਗ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਭਾਰਤ ਵਿਕਾਸ ਪ੍ਰੀਸ਼ਦ ਸਰਹਿੰਦ ਵੱਲੋਂ ਸ਼ਹਿਰ ਦੇ 22 ਸਕੂਲਾਂ ਦੇ ਵਿਦਿਆਰਥੀਆਂ ਦਾ ‘ਭਾਰਤ ਕੋ ਜਾਨੋ’ ਲਿਖਤੀ ਟੈਸਟ ਕਰਵਾਇਆ ਗਿਆ। ਪ੍ਰੀਸ਼ਦ ਦੇ ਪ੍ਰਧਾਨ ਮਨੀਸ਼ ਵਰਮਾ ਤੇ ਸਕੱਤਰ ਅਰਵਿੰਦ ਵਰਮਾ ਨੇ ਦੱਸਿਆ ਕਿ ਇਸ ਲਿਖਤੀ ਪ੍ਰੀਖਿਆ ’ਚ 1600 ਵਿਦਿਆਰਥੀਆਂ ਨੇ ਭਾਗ ਲਿਆ। ਪ੍ਰੀਸ਼ਦ ਦੇ ਬੁਲਾਰੇ ਪੂਰਨ ਸਹਿਗਲ ਨੇ ਦੱਸਿਆ ਕਿ ਰਾਸ਼ਟਰੀ ਪੱਧਰ ’ਤੇ ਇਕੋ ਸਮੇਂ ਇਹ ਲਿਖਤੀ ਟੈਸਟ ਕਰਵਾਇਆ ਜਾ ਰਿਹਾ ਹੈ। ਸਰਹਿੰਦ ਬ੍ਰਾਂਚ ਵੱਲੋਂ ਵੱਖ-ਵੱਖ ਸਕੂਲਾਂ ’ਚ ਮੈਂਬਰਾਂ ਦੀਆਂ ਟੀਮਾਂ ਭੇਜ ਕੇ ਪ੍ਰੀਖਿਆ ਦਾ ਸੰਚਾਲਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਟੈਸਟ ਦੋ ਵਰਗਾਂ ’ਚ ਲਿਆ ਗਿਆ, ਜਿਸ ’ਚ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਜੂਨੀਅਰ ਵਰਗ ਤੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਸੀਨੀਅਰ ਵਰਗ ਦੇ ਵਿਦਿਆਰਥੀ ਸ਼ਾਮਲ ਹੋਏ। ਹਰੇਕ ਸਕੂਲ ’ਚੋਂ ਜੂਨੀਅਰ ਤੇ ਸੀਨੀਅਰ ਵਰਗ ਦੀਆਂ ਦੋ-ਦੋ ਵਿਦਿਆਰਥੀਆਂ ਦੀਆਂ ਟੀਮਾਂ ਬਣਾਈਆਂ ਜਾਣਗੀਆਂ, ਜੋ ਅਕਤੂਬਰ ਦੇ ਅੰਤਿਮ ਹਫ਼ਤੇ ਹੋਣ ਵਾਲੇ ‘ਭਾਰਤ ਕੋ ਜਾਨੋ’ ਕੁਇਜ਼ ਮੁਕਾਬਲੇ ’ਚ ਭਾਗ ਲੈਣਗੀਆਂ। ਸਮੂਹ ਸਕੂਲ ਮੁਖੀਆਂ ਨੇ ਦੱਸਿਆ ਕਿ ਇਸ ਪ੍ਰੀਖਿਆ ਨੂੰ ਲੈ ਕੇ ਵਿਦਿਆਰਥੀਆਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਪ੍ਰੀਖਿਆ ਸੰਚਾਲਨ ਟੀਮਾਂ ’ਚ ਅਨੁਜ ਜਿੰਦਲ, ਰੋਹਿਤ ਸ਼ਰਮਾ, ਸੁਮਿਤ ਮੋਦੀ, ਪਰਮਪ੍ਰੀਤ ਕੌਰ ਵਰਮਾ, ਰੁਚਿਕਾ ਜਿੰਦਲ, ਐਡਵੋਕੇਟ ਅੰਕਿਤ ਬਾਂਸਲ, ਸੁਸ਼ੀਲ ਬਾਂਸਲ, ਸੰਜੀਵ ਸੈਣੀ, ਰਾਜੇਸ਼ ਧੀਮਾਨ, ਪ੍ਰਿੰਸੀਪਲ ਬਬੀਤਾ ਚੋਪੜਾ ਅਤੇ ਪੂਰਨ ਸਹਿਗਲ ਮੌਜੂਦ ਸਨ।