- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਤਾ ਗੁਜਰੀ ਕਾਲਜ ਵਿਖੇ 15 ਰੋਜ਼ਾ ਸਵੱਛਤਾ ਹੀ ਸੇਵਾ ਮੁਹਿੰਮ ਸੰਪੰਨ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਮਾਤਾ ਗੁਜਰੀ ਕਾਲਜ ਦੇ ਬਾਟਨੀ ਅਤੇ ਵਾਤਾਵਰਣ ਵਿਗਿਆਨ ਵਿਭਾਗ ਤੇ ਸਵੱਛ ਭਾਰਤ ਮਿਸ਼ਨ ਕਮੇਟੀ ਵੱਲੋਂ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ 15 ਰੋਜ਼ਾ ‘ਸਵੱਛਤਾ ਹੀ ਸੇਵਾ’ ਮੁਹਿੰਮ ਸਫ਼ਲਤਾਪੂਰਵਕ ਸੰਪੰਨ ਹੋ ਗਈ। ਇਸ ਮੁਹਿੰਮ ਦਾ ਮੁੱਖ ਮਕਸਦ ਵਿਦਿਆਰਥੀਆਂ ’ਚ ਵਾਤਾਵਰਣ ਸੰਭਾਲ, ਠੋਸ ਰਹਿੰਦ-ਖੂੰਹਦ ਪ੍ਰਬੰਧਨ ਅਤੇ ਸਫ਼ਾਈ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਸੀ। ਮੁਹਿੰਮ ਦੌਰਾਨ ਕਾਲਜ ਕੈਂਪਸ, ਨਹਿਰ ਅਤੇ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਦੇ ਆਲੇ-ਦੁਆਲੇ ਸਫ਼ਾਈ ਮੁਹਿੰਮ ਚਲਾਈ ਗਈ। ਇਸ ਤੋਂ ਇਲਾਵਾ ਠੋਸ ਰਹਿੰਦ-ਖੂੰਹਦ ਪ੍ਰਬੰਧਨ ਸਬੰਧੀ ਜਾਗਰੂਕਤਾ ਭਾਸ਼ਣ, ‘ਬੈਸਟ ਆਊਟ ਆਫ਼ ਵੇਸਟ’ ਵਰਕਸ਼ਾਪ ਅਤੇ ਸਫ਼ਾਈ ਕਰਮੀਆਂ ਦੀ ਸਿਹਤ ਜਾਂਚ ਸਮੇਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਵਿਦਿਆਰਥੀਆਂ ਨੂੰ ਕੂੜੇ ਦੀ ਵਿਗਿਆਨਕ ਢੰਗ ਨਾਲ ਸਾਂਭ-ਸੰਭਾਲ ਕਰਨ ਅਤੇ ‘ਰਿਡਿਊਸ, ਰਿਯੂਜ਼ ਤੇ ਰਿਸਾਈਕਲ’ ਦੇ ਸਿਧਾਂਤ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਮੁਹਿੰਮ ਦੀ ਸਮਾਪਤੀ ‘ਇੱਕ ਪੇੜ ਮਾਂ ਕੇ ਨਾਮ’ ਤਹਿਤ ਪੌਦੇ ਲਗਾ ਕੇ ਕੀਤੀ ਗਈ। ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਕਿਹਾ ਕਿ ਸਫ਼ਾਈ ਅਤੇ ਵਾਤਾਵਰਣ ਸੰਭਾਲ ਕਿਸੇ ਇੱਕ ਦਿਨ ਜਾਂ ਮੁਹਿੰਮ ਤੱਕ ਸੀਮਤ ਨਹੀਂ ਹੋਣੀ ਚਾਹੀਦੀ, ਸਗੋਂ ਇਸ ਨੂੰ ਜੀਵਨ ਦਾ ਹਿੱਸਾ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ। ਵਿਦਿਆਰਥੀਆਂ ’ਚ ਵਾਤਾਵਰਣ ਪ੍ਰਤੀ ਚੇਤਨਾ ਪੈਦਾ ਕਰਨ ਲਈ ਅਜਿਹੇ ਉਪਰਾਲੇ ਬੇਹੱਦ ਜ਼ਰੂਰੀ ਹਨ। ਬਾਟਨੀ ਅਤੇ ਵਾਤਾਵਰਣ ਵਿਗਿਆਨ ਵਿਭਾਗ ਦੀ ਮੁਖੀ ਅਤੇ ਸਵੱਛ ਭਾਰਤ ਅਭਿਆਨ ਕਮੇਟੀ ਦੀ ਕਨਵੀਨਰ ਡਾ. ਲਵਨੀਤ ਕੌਰ ਨੇ ਕਿਹਾ ਕਿ ਮੁਹਿੰਮ ਦਾ ਮੰਤਵ ਵਿਦਿਆਰਥੀਆਂ ਨੂੰ ਵਾਤਾਵਰਣ ਸੰਭਾਲ ਦੇ ਅਮਲੀ ਕਾਰਜਾਂ ਨਾਲ ਜੋੜਨਾ ਸੀ। ਇਸ ਮੌਕੇ ਡਾ. ਰਾਸ਼ਿਦ ਰਸ਼ੀਦ, ਪ੍ਰੋ. ਹਰਮਨਜੋਤ ਕੌਰ, ਡਾ. ਜੁਝਾਰ ਸਿੰਘ, ਡਾ. ਮਨਿੰਦਰ ਕੌਰ, ਡਾ. ਵਿਜੇ ਸਿੰਘ, ਡਾ. ਹਰਲੀਨ ਕੌਰ, ਪ੍ਰੋ. ਅਨਮੋਲ ਕੌਰ, ਡਾ. ਪ੍ਰਦੀਪ ਕੁਮਾਰ ਅਤੇ ਇਕਬਾਲ ਸਿੰਘ ਸਮੇਤ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਬੂਟੇ ਲਗਾਏ।