50 ਲੱਖ ਦੀ ਫਿਰੌਤੀ ਮੰਗਣ ਦੇ ਮਾਮਲੇ ’ਚ ਇਕ ਕਾਬੂ 50 ਲੱਖ ਰੁਪਏ ਦੀ ਫਿਰੋਤੀ ਮੰਗਣ ਦੇ ਮਾਮਲੇ ਵਿੱਚ ਇਕ ਲੜਕੇ ਨੂੰ ਕਾਬੂ
Publish Date: Thu, 27 Aug 2026 08:01 PM (IST)
Updated Date: Fri, 28 Aug 2026 04:04 AM (IST)
27 ਐਫਡੀਕੇ : ਪੁਲਿਸ ਹਿਰਾਸਤ ’ਚ ਲਏ ਗਏ ਵਿਅਕਤੀ ਦੀ ਤਸਵੀਰ। ਚਾਨਾ, ਪੰਜਾਬੀ ਜਾਗਰਣ ਫ਼ਰੀਦਕੋਟ : ਫ਼ਰੀਦਕੋਟ ਪੁਲਿਸ ਨੇ 50 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ’ਚ ਇਕ ਲੜਕੇ ਨੂੰ ਕਾਬੂ ਕੀਤਾ ਹੈ। ਪ੍ਰੈੱਸ ਕਾਨਫਰੰਸ ਦੌਰਾਨ ਐੱਸਐੱਸਪੀ ਗੁਰਬੰਸ ਸਿੰਘ ਬੈਂਸ ਨੇ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਦੀ ਪਛਾਣ ਜਸ਼ਨਦੀਪ ਸਿੰਘ ਜੱਸਾ ਵਾਸੀ ਪਿੰਡ ਜੱਲੇਆਣਾ ਜ਼ਿਲ੍ਹਾ ਫਿਰੋਜ਼ਪੁਰ ਵਜੋਂ ਹੋਈ ਹੈ, ਜਦਕਿ ਇਸ ਸਾਜਿਸ਼ ’ਚ ਉਸਦੇ ਸਾਥੀ ਭਿੰਦਾ ਗਿੱਲ ਤੇ ਇਕ ਹੋਰ ਲੜਕੇ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਰਮਨਦੀਪ ਸਿੰਘ ਵਾਸੀ ਪਿੰਡ ਔਲਖ ਨੇ ਪੁਲਿਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਪਿਛਲੇ ਦਿਨੀਂ ਇਕ ਵਿਅਕਤੀ ਨੇ ਬਿਆਨਕਰਤਾ ਦੇ ਪਰਿਵਾਰ ਬਾਰੇ ਜਾਣਕਾਰੀ ਹੋਣ ਦਾ ਦਾਅਵਾ ਕਰਦਿਆਂ ਫਿਰੌਤੀ ਦੀ ਰਕਮ ਨਾ ਦੇਣ ਦੀ ਸੂਰਤ ’ਚ ਉਸ ਨੂੰ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਨਾਲ-ਨਾਲ ਫਿਰੌਤੀ ਦੀ ਮੰਗ ਕੀਤੀ ਸੀ। ਟੈਕਨੀਕਲ ਇਨਪੁੱਟ ਤੇ ਹਿਊਮਨ ਇੰਟੈਲੀਜੈਂਸ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਵੱਲੋਂ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਜੋ ਉਕਤਾਂ ਪਾਸੋਂ ਬਾਰੀਕੀ ਨਾਲ ਜਾਂਚ ਕਰਨ ਲਈ ਪੁੱਛਗਿੱਛ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਮੁੱਢਲੀ ਤਫਤੀਸ਼ ਦੌਰਾਨ ਵਜ੍ਹਾ ਰੰਜਿਸ਼ ਇਹ ਸਾਹਮਣੇ ਆਈ ਹੈ ਕਿ ਮੁਲਜ਼ਮਾਂ ਵੱਲੋ ਪੈਸਿਆਂ ਦੇ ਲਾਲਚ ’ਚ ਆਉਣ ਕਾਰਨ ਹੀ 50 ਲੱਖ ਰੁਪਏ ਦੀ ਫਿਰੌਤੀ ਮੰਗਣ ਦੀ ਸਾਜ਼ਿਸ਼ ਰਚੀ ਸੀ।