- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਰਦਨਾਕ ਸੜਕ ਹਾਦਸੇ ਦੌਰਾਨ ਦੋ ਮਹਿਲਾਵਾਂ ਦੀ ਮੌਤ।

24 ਐਫਡੀਕੇ : ਘਟਨਾ ਤੋਂ ਬਾਅਦ ਨੁਕਸਾਨੇ ਗਏ ਵਾਹਨਾ ਦੀ ਤਸਵੀਰ।
- ਕਈ ਮੀਟਰ ਤੱਕ ਔਰਤਾਂ ਨੂੰ ਘੜੀਸਦੀ ਲੈ ਗਈ ਕਾਰ
- ਘਰੋਂ ਪੀਣ ਵਾਲਾ ਪਾਣੀ ਲੈਣ ਲਈ ਗਈਆਂ ਸਨ ਦੋਵੇਂ ਦਰਾਣੀ-ਜੇਠਾਣੀ
ਸ਼ਿਵ ਗਰਗ, ਪੰਜਾਬੀ ਜਾਗਰਣ
ਫਰੀਦਕੋਟ : ਸਾਦਿਕ ਰੋਡ ’ਤੇ ਵਾਪਰੇ ਸੜਕ ਹਾਦਸੇ ਦੌਰਾਨ ਦੋ ਔਰਤਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸ਼ਹੀਦ ਬਲਵਿੰਦਰ ਸਿੰਘ ਨਗਰ ਵਾਸੀ ਦੋ ਔਰਤਾਂ ਸੰਜਨਾ (43) ਪਤਨੀ ਮਨਦੀਪ ਕੁਮਾਰ ਤੇ ਪੂਜਾ (49) ਪਤਨੀ ਮਨੋਜ ਕੁਮਾਰ, ਜੋ ਰਿਸ਼ਤੇ ’ਚ ਦਰਾਣੀ-ਜੇਠਾਣੀ ਲੱਗਦੀਆਂ ਸਨ, ਅੱਜ ਸਵੇਰੇ ਕਰੀਬ ਅੱਠ ਵਜੇ ਐਕਟਿਵਾ ’ਤੇ ਸਵਾਰ ਹੋ ਕੇ ਸਾਦਿਕ ਰੋਡ ’ਤੇ ਨਹਿਰ ਕਿਨਾਰੇ ਲੱਗੇ ਨਲਕੇ ਤੋਂ ਪੀਣ ਵਾਲਾ ਪਾਣੀ ਭਰਨ ਲਈ ਚੱਲੀਆਂ ਸਨ। ਜਦੋਂ ਉਹ ਦੋਵੇਂ ਫ਼ਰੀਦਕੋਟ ਦੇ ਸਾਦਿਕ ਰੋਡ ’ਤੇ ਜਹਾਜ਼ ਗਰਾਉਂਡ ਕੋਲ ਪੁੱਜੀਆਂ ਤਾਂ ਸਾਹਮਣੇ ਤੋਂ ਆ ਰਹੀ ਇਕ ਤੇਜ਼ ਰਫਤਾਰ ਸਵਿਫਟ ਕਾਰ ਨੇ ਉਨ੍ਹਾਂ ਨੂੰ ਤੇਜ਼ੀ ਨਾਲ ਟੱਕਰ ਮਾਰੀ ਜੋ ਉਨਾਂ ਨੂੰ ਘੜੀਸਦੀ ਹੋਈ ਕਈ ਮੀਟਰ ਅੱਗੇ ਲੈ ਗਈ। ਇਸ ਟੱਕਰ ਦੌਰਾਨ ਦੋਵਾਂ ਔਰਤਾਂ ਦੇ ਸਿਰ ’ਚ ਗੰਭੀਰ ਸੱਟਾਂ ਵੱਜੀਆਂ, ਜਿਨ੍ਹਾਂ ਨੂੰ ਤੁਰੰਤ ਮੈਡੀਕਲ ਹਸਪਤਾਲ ਲਿਜਾਇਆ ਗਿਆ ਪਰ ਹਸਪਤਾਲ ਪੁੱਜਣ ਤੋਂ ਪਹਿਲਾਂ ਹੀ ਦੋਵਾਂ ਦੀ ਮੌਤ ਹੋ ਚੁੱਕੀ ਸੀ ਅਤੇ ਡਾਕਟਰਾਂ ਵੱਲੋਂ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜਾਣਕਾਰੀ ਅਨੁਸਾਰ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ, ਜਿਸ ਦੀ ਤਲਾਸ਼ ਲਈ ਪੁਲਿਸ ਵੱਲੋਂ ਹੁਣ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਪੀੜਤ ਪਰਿਵਾਰ ਵੱਲੋਂ ਤੁਰੰਤ ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਡੀਐੱਸਪੀ ਤਰਲੋਚਣ ਸਿੰਘ ਨੇ ਕਿਹਾ ਕਿ ਅੱਜ ਸਵੇਰੇ ਤੇਜ਼ ਰਫ਼ਤਾਰ ਕਾਰ ਚਾਲਕ ਵੱਲੋਂ ਸਕੂਟੀ ਨੂੰ ਪਿੱਛੋਂ ਟੱਕਰ ਮਾਰੀ ਸੀ, ਜਿਸ ਕਾਰਨ ਸਕੂਟੀ ਸਵਾਰ ਦੋਵੇਂ ਔਰਤਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ ਅਤੇ ਇਸ ਟੱਕਰ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਸੀ। ਹੁਣ ਪੁਲਿਸ ਵੱਲੋਂ ਜਾਂਚ ਕਰ ਕੇ ਕਾਰ ਚਾਲਕ ਦੀ ਪਛਾਣ ਕਰ ਲਈ ਗਈ ਹੈ। ਉਕਤ ਵਿਅਕਤੀ ਰਵਿੰਦਰ ਸਿੰਘ ਫ਼ਰੀਦਕੋਟ ਦੇ ਪਿੰਡ ਪਿੰਡੀ ਬਲੋਚਾਂ ਕਸਬਾ ਸਾਦਿਕ ਦਾ ਵਾਸੀ ਹੈ। ਪੁਲਿਸ ਵੱਲੋਂ ਉਸ ਖ਼ਿਲਾਫ਼ ਧਾਰਾ-304 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਜਲਦ ਕਰ ਲਈ ਜਾਵੇਗੀ।