ਬੰਦੀ ਸਿੰਘਾਂ ਦੀ ਰਿਹਾਈ ਲਈ ਬਾਜ਼ਾਰ ਮੁਕੰਮਲ ਬੰਦ ਰਹੇ ਫਰੀਦਕੋਟ ਜਿਲ੍ਹੇ 'ਚ ਪੰਜਾਬ ਬੰਦ ਦਾ ਵਿਆਪਕ ਅਸਰ
Publish Date: Fri, 21 Aug 2026 03:56 PM (IST)
Updated Date: Sat, 22 Aug 2026 04:01 AM (IST)
ਕੌਮੀ ਇਨਸਾਫ ਮੋਰਚਾ ਦੇ ਸੱਦੇ ’ਤੇ ਸਵੇਰੇ 7 ਤੋਂ ਦੁਪਹਿਰ 2 ਵਜੇ ਤਕ ਪੰਥਕ ਜਥੇਬੰਦੀਆਂ ਨੇ ਕੀਤਾ ਰੋਸ ਮੁਜ਼ਾਹਰਾ ਪੰਜਾਬੀ ਜਾਗਰਣ ਟੀਮ, ਫ਼ਰੀਦਕੋਟ : ਕੌਮੀ ਇਨਸਾਫ਼ ਮੋਰਚਾ ਵੱਲੋਂ ‘ਪੰਜਾਬ ਬੰਦ ਦੇ ਸੱਦੇ ’ਤੇ ਅੱਜ ਫਰੀਦਕੋਟ, ਕੋਟਕਪੂਰਾ, ਜੈਤੋ ਦੀਆਂ ਸਮੂਹ ਪੰਥਕ ਜਥੇਬੰਦੀਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਬਾਜ਼ਾਰਾਂ ਵਿੱਚ ਰੋਸ ਪ੍ਰਦਰਸ਼ਨ ਕੀਤਾ, ਇਸ ਦੌਰਾਨ ਤਿੰਨੇ ਹਲਕਿਆਂ ਵਿੱਚ ਬੰਦ ਦਾ ਵਿਆਪਕ ਅਤੇ ਪੂਰਨ ਅਸਰ ਦੇਖਣ ਨੂੰ ਮਿਲਿਆ। ਬੰਦ ਦੇ ਮੱਦੇਨਜ਼ਰ ਪੂਰਾ ਫ਼ਰੀਦਕੋਟ ਸ਼ਹਿਰ ਦੇ ਵਪਾਰਕ ਅਦਾਰੇ ਸੰਪੂਰਨ ਤੌਰ ਤੇ ਦੁਪਹਿਰ 2 ਵਜੇ ਤੱਕ ਬੰਦ ਰਹੇ। ਹੜਤਾਲ ਦੇ ਸੱਦੇ ਕਾਰਨ ਦਿਨ ਚੜ੍ਹਦਿਆਂ ਹੀ ਸ਼ਹਿਰ ਦੇ ਮੁੱਖ ਬਾਜ਼ਾਰ, ਵਪਾਰਕ ਅਦਾਰੇ ਅਤੇ ਹੋਰ ਆਮ ਗਤੀਵਿਧੀਆਂ ਪੂਰੀ ਤਰ੍ਹਾਂ ਠੱਪ ਹੋ ਗਈਆਂ। ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਅਲੱਗ-ਅਲੱਗ ਗਰੁੱਪ ਬਣਾ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਸੀ। ਇਸ ਦੌਰਾਨ ਜੋ ਵੀ ਇੱਕਾ-ਦੁੱਕਾ ਦੁਕਾਨਾਂ ਖੁੱਲ੍ਹੀਆਂ ਦਿਖਾਈ ਦਿੱਤੀਆਂ, ਜਥੇਬੰਦੀਆਂ ਦੇ ਆਗੂਆਂ ਵੱਲੋਂ ਉਨ੍ਹਾਂ ਨੂੰ ਵੀ ਬੰਦ ਕਰਵਾਇਆ ਗਿਆ। ਰੋਸ ਪ੍ਰਦਰਸ਼ਨ ਦੌਰਾਨ ਲਾਈਨ ਬਾਜ਼ਾਰ ਚ ਸ਼ਰਾਬ ਦਾ ਠੇਕਾ ਖੁੱਲ੍ਹਾ ਦੇਖਿਆ ਗਿਆ, ਜਿਸ ਨੂੰ ਮੌਕੇ ਤੇ ਪਹੁੰਚ ਕੇ ਪੰਥਕ ਆਗੂਆਂ ਨੇ ਬੰਦ ਕਰਵਾ ਦਿੱਤਾ। ਬਜ਼ਾਰ ਬੰਦ ਹੋਣ ਕਾਰਨ ਆਮ ਜਨਜੀਵਨ ਤੇ ਵੀ ਵੱਡਾ ਪ੍ਰਭਾਵ ਪਿਆ। ਸ਼ਹਿਰ ਦਾ ਬੱਸ ਸਟੈਂਡ ਪੂਰੀ ਤਰ੍ਹਾਂ ਸੁਨਸਾਨ ਨਜ਼ਰ ਆਇਆ ਅਤੇ ਬੱਸਾਂ ਦੀ ਆਵਾਜਾਈ ਮੁਕੰਮਲ ਤੌਰ ਤੇ ਠੱਪ ਰਹੀ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਦੇ ਸਮੂਹ ਪੈਟਰੋਲ ਪੰਪ ਅਤੇ ਨਿੱਜੀ ਸਕੂਲ ਵੀ ਪੂਰੀ ਤਰ੍ਹਾਂ ਬੰਦ ਰਹੇ। ਜਦਕਿ ਸਰਕਾਰੀ ਸਕੂਲ ਖੁੱਲ੍ਹੇ ਹੋਏ ਸਨ, ਪਰ ਪੰਥਕ ਜਥੇਬੰਦੀਆਂ ਦੇ ਪ੍ਰਦਰਸ਼ਨਕਾਰੀਆਂ ਨੇ ਕੁੱਝ ਸਰਕਾਰੀ ਸਕੂਲਾਂ ਵਿੱਚ ਪਹੁੰਚ ਕੇ ਉਨ੍ਹਾਂ ਨੂੰ ਵੀ ਬੰਦ ਕਰਵਾ ਦਿੱਤਾ। ਇਸ ਰੋਸ ਮਾਰਚ ਦੇ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਅਤੇ ਅਮਨ-ਕਾਨੂੰਨ ਦੀ ਸਥਿਤੀ ਬਣਾਏ ਰੱਖਣ ਲਈ ਪੁਲਸ ਪ੍ਰਸ਼ਾਸਨ ਵੱਲੋਂ ਪੁਖਤਾ ਤੇ ਠੋਸ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਪੁਲਸ ਦੀਆਂ ਗੱਡੀਆਂ ਅਤੇ ਸੁਰੱਖਿਆ ਕਰਮੀ ਪ੍ਰਦਰਸ਼ਨਕਾਰੀਆਂ ਦੇ ਮਗਰ-ਮਗਰ ਚੱਲ ਰਹੇ ਸਨ ਤਾਂ ਜੋਂ ਕਿਸੇ ਅਣਸੁਖਾਵੀਂ ਘਟਨਾ ਤੇ ਸ਼ਾਂਤੀ ਵਿਵਸਥਾ ਭੰਗ ਨਾ ਹੋਵੇ। ਇਸ ਰੋਸ਼ ਪ੍ਰਦਰਸ਼ਨ ਦੌਰਾਨ ਸਮੂਹ ਪੰਥਕ ਜਥੇਬੰਦੀਆਂ ਦੇ ਆਗੂ ਰਛਪਾਲ ਸਿੰਘ ਸਸਣ, ਹਰਭਿੰਦਰ ਸਿੰਘ, ਰੁਪਿੰਦਰ ਸਿੰਘ ਪੰਜਗਰਾਈ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਜ਼ਾ ਭੁਗਤ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ ਆਪਣੇ ਬਿਮਾਰ ਮਾਤਾ ਨੂੰ ਮਿਲਣ ਵਾਸਤੇ ਘੱਟੋ-ਘੱਟ 10 ਦਿਨਾਂ ਦੀ ਪੈਰੋਲ ਦਿੱਤੀ ਜਾਵੇ। ਜਥੇਬੰਦੀਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਗਵਰਨਰ ਰਾਹੀਂ ਕੇਂਦਰ ਸਰਕਾਰ ਤੱਕ ਬੰਦੀ ਸਿੰਘਾਂ ਨੂੰ ਰਿਹਾਅ ਕਰਾਉਣ ਲਈ ਕਾਰਵਾਈ ਪੂਰੀ ਕਰੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਬੰਦੀ ਸਿੰਘਾਂ ਨੂੰ ਜਲਦੀ ਰਿਹਾਅ ਕਰਨ ਦੀ ਕਾਰਵਾਈ ਕਰੇ। ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਤੁਰੰਤ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਫ਼ਰੀਦਕੋਟ ਜ਼ਿਲ੍ਹੇ ’ਚ ਵਿੱਚ ਬੰਦ ਦਾ ਅਸਰ ਪੂਰੀ ਤਰ੍ਹਾਂ ਸਫਲ ਅਤੇ ਸ਼ਾਂਤੀਪੂਰਨ ਰਿਹਾ। ਜ਼ਿਲ੍ਹਾ ਪੁਲਿਸ ਮੁਖੀ ਗੁਰਬੰਸ ਸਿੰਘ ਬੈਂਸ ਨੇ ਕਿਹਾ ਕਿ ਪੂਰੇ ਜ਼ਿਲ੍ਹੇ ਦਾ ਜਾਇਜ਼ਾ ਲਿਆ ਗਿਆ ਹੈ ਸਾਰੇ ਪਾਸੇ ਦਿੱਤੇ ਗਏ ਧਰਨਿਆ ’ਚ ਪੂਰੀ ਅਮਨ ਸ਼ਾਤੀ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇ ਚਾਲੂ ਰੱਖਣ ਦੇ ਨਾਲ ਐਂਮਰਜੈਂਸੀ ਸੇਵਾਵਾਂ ਚਾਲੂ ਹਨ। ਕਿਸੇ ਨੂੰ ਵੀ ਕਾਨੂੰਨ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀ ਹੈ।