- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਤਾਵਰਣ ਦੇ ਵਿਗਾੜ ਅਤੇ ਕੁਦਰਤ ਨਾਲ ਖਿਲਵਾੜ ਦਾ ਭੁਗਤਣਾ ਪਵੇਗਾ ਖਮਿਆਜਾ!

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ‘ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ’ ਦੇ ਸੰਸਥਾਪਕ/ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੋਟਕਪੂਰਾ ਗਰੁੱਪ ਆਫ ਫੈਮਿਲੀਜ਼ ਬਰੈਂਪਟਨ (ਕੈਨੇਡਾ) ਦੇ ਸਹਿਯੋਗ ਨਾਲ ਸਿਹਤ, ਸਿੱਖਿਆ, ਵਾਤਾਵਰਣ, ਟ੍ਰੈਫਿਕ, ਸਮਾਜਿਕ ਕੁਰੀਤੀਆਂ ਦੇ ਖਾਤਮੇ, ਨੈਤਿਕ ਕਦਰਾਂ ਕੀਮਤਾਂ ਅਤੇ ਸਿਹਤਮੰਦ ਪੰਜਾਬ ਬਾਰੇ ਵਾਤਾਵਰਣ ਜਾਗਰੂਕਤਾ ਸੈਮੀਨਾਰ ਕਰਵਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਰਿਸ਼ੀ ਮਾਡਲ ਸਕੂਲ ਪੰਜਗਰਾੲੀਂ ਕਲਾਂ ਵਿਖੇ ਕਰਵਾਏ ਗਏ ਸੈਮੀਨਾਰ ਦੌਰਾਨ ਮੁੱਖ ਵਕਤਾ ਵਜੋਂ ਪੁੱਜੇ ਸੁਸਾਇਟੀ ਦੇ ਪੈ੍ਰਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਵਾਤਾਵਰਣ ਵਿੱਚ ਪਾਏ ਜਾ ਰਹੇ ਵਿਗਾੜ ਅਤੇ ਕੁਦਰਤ ਨਾਲ ਕੀਤੇ ਜਾ ਰਹੇ ਖਿਲਵਾੜ ਦਾ ਖਮਿਆਜਾ ਸਾਨੂੰ ਸਾਰਿਆਂ ਨੂੰ ਬਿਮਾਰੀਆਂ ਅਤੇ ਅਣਕਿਆਸੀਆਂ ਆਫਤਾਂ ਦੇ ਰੂਪ ਵਿੱਚ ਭੁਗਤਣਾ ਪੈ ਰਿਹਾ ਹੈ। ਉਹਨਾਂ ਅੰਕੜਿਆਂ ਸਹਿਤ ਦਲੀਲਾਂ ਦਿੰਦਿਆਂ ਦੱਸਿਆ ਕਿ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਸਮੇਤ ਦਿਲ ਦੇ ਰੋਗ, ਕਾਲਾ ਪੀਲੀਆ, ਚਮੜੀ ਦੇ ਰੋਗ, ਹੱਡੀਆਂ ਦੇ ਰੋਗ, ਅੰਤੜੀਆਂ ਦੇ ਰੋਗ, ਅੱਖਾਂ ਦੀਆਂ ਬਿਮਾਰੀਆਂ, ਮੰਦਬੁੱਧੀ ਜਾਂ ਅਪਾਹਜ ਬੱਚੇ ਪੈਦਾ ਹੋਣ ਅਤੇ ਹੋਰ ਅਨੇਕਾਂ ਬਿਮਾਰੀਆਂ ਦਾ ਤੇਜੀ ਨਾਲ ਵਧਣਾ ਭਾਵੇਂ ਚਿੰਤਾ ਵਾਲੀ ਗੱਲ ਹੈ ਪਰ ਇਸ ਦਾ ਸਿੱਧਾ ਸਬੰਧ ਵਾਤਾਵਰਣ ਦੇ ਵਿਗਾੜ ਅਤੇ ਕੁਦਰਤ ਨਾਲ ਖਿਲਵਾੜ ਕੀਤੇ ਜਾਣ ਨਾਲ ਹੀ ਹੈ। ਉਹਨਾਂ ਝੋਨੇ ਦੀ ਪਰਾਲੀ, ਕਣਕ ਦੇ ਨਾੜ ਨੂੰ ਲਾਈਆਂ ਜਾਂਦੀਆਂ ਅੱਗਾਂ ਨਾਲ ਫੈਲਦੇ ਧੁੂੰਏਂ, ਫੈਕਟਰੀਆਂ ਤੇ ਵਾਹਨਾ ਦੇ ਪ੍ਰਦੂਸ਼ਣ, ਤਿਉਹਾਰਾਂ ਜਾਂ ਖੁਸ਼ੀ ਮੌਕੇ ਚਲਾਏ ਜਾਂਦੇ ਪਟਾਕੇ/ਆਤਿਸ਼ਬਾਜੀਆਂ ਨਾਲ ਵਾਤਾਵਰਣ ਨੂੰ ਪਲੀਤ ਕਰਨ ਵਾਲੀਆਂ ਸਾਡੀਆਂ ਗਲਤ ਆਦਤਾਂ ਬਾਰੇ ਵੀ ਵਿਸਥਾਰ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ। ਆਪਣੇ ਸੰਬੋਧਨ ਦੌਰਾਨ ਰਿਸ਼ੀ ਮਾਡਲ ਸਕੂਲ ਦੇ ਵਾਈਸ ਪਿ੍ਰੰਸੀਪਲ ਸੁਖਮੰਦਰ ਸਿੰਘ ਬਰਾੜ ਨੇ ਸਾਰਿਆਂ ਦੀ ਜਾਣ-ਪਛਾਣ ਕਰਵਾਉਂਦਿਆਂ ਮਹਿਮਾਨਾ ਨੂੰ ਜੀ ਆਇਆਂ ਆਖਿਆ, ਜਦਕਿ ਚੇਅਰਪਰਸਨ ਮੈਡਮ ਸ਼ਿੰਦਰਪਾਲ ਕੌਰ ਚਹਿਲ ਅਤੇ ਪ੍ਰਿੰਸੀਪਲ ਗਗਨਦੀਪ ਸਿੰਘ ਨੇ ਮੁੱਖ ਵਕਤਾ ਗੁਰਿੰਦਰ ਸਿੰਘ ਮਹਿੰਦੀਰੱਤਾ ਸਮੇਤ ਸੁਸਾਇਟੀ ਦੇ ਸੀਨੀਅਰ ਮੈਂਬਰ ਵਰਿੰਦਰਪਾਲ ਸਿੰਘ ਅਰਨੇਜਾ ਐਲਆਈਸੀ ਐਡਵਾਈਜਰ ਦਾ ਧੰਨਵਾਦ ਕਰਦਿਆਂ ਆਖਿਆ ਕਿ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦਾ ਇਹ ਉਪਰਾਲਾ ਪ੍ਰਸੰਸਾਯੋਗ ਹੈ। ਉਹਨਾ ਮੰਨਿਆ ਕਿ ਜੇਕਰ ਅਸੀਂ ਅਜੇ ਵੀ ਨਾ ਸੰਭਲੇ ਤਾਂ ਉਹ ਦਿਨ ਦੂਰ ਨਹੀਂ, ਜਿਸ ਦਿਨ ਜੰਮਦੇ ਬੱਚੇ ਬਿਮਾਰ ਪੈਦਾ ਹੋਣਗੇ ਅਤੇ ਉਹਨਾ ਦੀ ਜਿੰਦਗੀ ਦਵਾਈਆਂ ਅਰਥਾਤ ਇਲਾਜ ’ਤੇ ਹੀ ਨਿਰਭਰ ਹੋ ਕੇ ਰਹਿ ਜਾਵੇਗੀ। ਇਸ ਮੌਕੇ ਜਾਗਰੂਕਤਾ ਵਾਲੀਆਂ ਕਾਪੀਆਂ ਵੀ ਵੰਡੀਆਂ ਗਈਆਂ ਅਤੇ ‘ਜਾਗਾਂਗੇ ਜਗਾਵਾਂਗੇ-ਵਾਤਾਵਰਨ ਬਚਾਵਾਂਗੇ’, ਆਦਿਕ ਨਾਰ੍ਹੇ ਲਾਉਂਦਿਆਂ ਵਿਦਿਆਰਥੀ -ਵਿਦਿਆਰਥਣਾਂ ਨੇ ਪ੍ਰਣ ਕੀਤਾ ਕਿ ਉਹ ਸਾਰੀ ਜਿੰਦਗੀ ਪਟਾਖੇ ਨਹੀਂ ਚਲਾਉਣਗੇ, ਵਾਤਾਵਰਨ ਦੀ ਸੰਭਾਲ ਕਰਨਗੇ ਅਤੇ ਵੱਧ ਤੋਂ ਵੱਧ ਬੂਟੇ ਲਾਉਣਗੇ।