ਵਿਵੇਕ ਆਸ਼ਰਮ ਜੈਤੋ ਵਿਖੇ ਪੁੰਨਿਆਂ ਦਾ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਵਿਵੇਕ ਆਸ਼ਰਮ ਜੈਤੋ ਵਿਖੇ ਪੁੰਨਿਆਂ ਦਾ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ
Publish Date: Tue, 27 Oct 2026 03:44 PM (IST)
Updated Date: Wed, 28 Oct 2026 04:01 AM (IST)
ਮਹਾਨ ਦਾਨੀ ਮਾਤਾ ਅਮਰ ਕੌਰ ਦੁਲੱਟ ਨੂੰ ਸਾਲਾਨਾ ਬਰਸੀ ਮੌਕੇ ਸ਼ਰਧਾਂਜਲੀਆਂ ਭੇਟ ਭੋਲ਼ਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਵਿਵੇਕ ਮਿਸ਼ਨ ਚੈਰੀਟੇਬਲ ਟਰੱਸਟ ਦੇ ਚੀਫ਼ ਪੈਟਰਨ ਸਵਾਮੀ ਬ੍ਰਹਮ ਮੁਨੀ ਸ਼ਾਸਤਰੀ ਜੀ ਜਲਾਲ ਵਾਲਿਆਂ ਦੀ ਅਗਵਾਈ ਹੇਠ ਪੁੰਨਿਆਂ ਦਾ ਪਵਿੱਤਰ ਦਿਹਾੜਾ ਵਿਵੇਕ ਆਸ਼ਰਮ, ਚੈਨਾ ਰੋਡ, ਜੈਤੋ ਵਿਖੇ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਮਹਾਨ ਦਾਨੀ ਮਾਤਾ ਅਮਰ ਕੌਰ ਦੁਲੱਟ, ਭਗਤੂਆਣਾ ਵਾਲਿਆਂ ਦੀ ਸਾਲਾਨਾ ਬਰਸੀ ਵੀ ਮਨਾਈ ਗਈ। ਸਮਾਗਮ ਦੌਰਾਨ ਸੰਗਤ ਨੇ ਮਾਤਾ ਅਮਰ ਕੌਰ ਦੁਲੱਟ ਦੀ ਸਮਾਜ ਸੇਵਾ ਅਤੇ ਲੋਕ ਭਲਾਈ ਲਈ ਦਿੱਤੇ ਯੋਗਦਾਨ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸਮਾਗਮ ਦੀ ਸ਼ੁਰੂਆਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪਾਠ ਨਾਲ ਹੋਈ, ਉਪਰੰਤ ਰਸਭਿੰਨਾ ਕੀਰਤਨ ਕੀਤਾ ਗਿਆ। ਇਸ ਦੌਰਾਨ ਹਾਜ਼ਰ ਸੰਗਤ ਨੇ ਗੁਰਬਾਣੀ ਦਾ ਸਰਵਣ ਕਰਕੇ ਆਤਮਿਕ ਸ਼ਾਂਤੀ ਪ੍ਰਾਪਤ ਕੀਤੀ। ਇਸ ਮੌਕੇ ਸਵਾਮੀ ਬ੍ਰਹਮ ਮੁਨੀ ਸ਼ਾਸਤਰੀ ਜੀ ਜਲਾਲ ਵਾਲਿਆਂ ਨੇ ਆਪਣੇ ਪ੍ਰਵਚਨਾਂ ਰਾਹੀਂ ਸੰਗਤ ਨੂੰ ਨੇਕ ਕਰਮ ਕਰਨ, ਲੋੜਵੰਦਾਂ ਦੀ ਸਹਾਇਤਾ ਕਰਨ ਅਤੇ ਮਨੁੱਖਤਾ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਦੁਨੀਆ ਵਿੱਚ ਅਜਿਹੇ ਵਿਰਲੇ ਇਨਸਾਨ ਹੁੰਦੇ ਹਨ, ਜੋ ਦੂਜਿਆਂ ਦੇ ਦੁੱਖਾਂ ਨੂੰ ਆਪਣਾ ਦੁੱਖ ਸਮਝਦੇ ਹਨ ਅਤੇ ਆਪਣੀ ਨੇਕ ਕਮਾਈ ਵਿੱਚੋਂ ਲੋੜਵੰਦਾਂ ਦੀ ਸਹਾਇਤਾ ਕਰਨਾ ਆਪਣਾ ਫ਼ਰਜ਼ ਸਮਝਦੇ ਹਨ। ਅਜਿਹੀਆਂ ਸ਼ਖ਼ਸੀਅਤਾਂ ਦਾ ਜੀਵਨ ਸਮਾਜ ਲਈ ਪ੍ਰੇਰਨਾ ਦਾ ਸਰੋਤ ਬਣਦਾ ਹੈ। ਉਨ੍ਹਾਂ ਕਿਹਾ ਕਿ ਮਾਤਾ ਅਮਰ ਕੌਰ ਦੁਲੱਟ ਨੇ ਸਮਾਜ ਸੇਵਾ ਦੀ ਭਾਵਨਾ ਨਾਲ ਜ਼ਮੀਨ ਦਾਨ ਕਰਕੇ ਲੋਕ ਭਲਾਈ ਦੇ ਕਾਰਜਾਂ ਵਿੱਚ ਅਹਿਮ ਯੋਗਦਾਨ ਪਾਇਆ। ਉਨ੍ਹਾਂ ਦੀ ਸੇਵਾ ਭਾਵਨਾ ਅਤੇ ਦਾਨਸ਼ੀਲਤਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮਾਤਾ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਦਾ ਸੱਚਾ ਅਰਥ ਉਨ੍ਹਾਂ ਵੱਲੋਂ ਦਰਸਾਏ ਸੇਵਾ ਅਤੇ ਪਰਉਪਕਾਰ ਦੇ ਮਾਰਗ ’ਤੇ ਚੱਲਣਾ ਹੈ। ਇਸ ਮੌਕੇ ਇਸ ਮੌਕੇ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ (ਰਜਿ:) ਚੈਨਾ ਰੋਡ, ਜੈਤੋ ਦੇ ਪ੍ਰਧਾਨ, ਮਾਤਾ ਅਮਰ ਕੌਰ ਅੱਖਾਂ ਦਾ ਹਸਪਤਾਲ, ਚੈਨਾ ਰੋਡ, ਜੈਤੋ ਦੇ ਸੰਚਾਲਕ, ਨਿਊ ਗੰਗਸਰ ਸਪੋਰਟਸ ਕਲੱਬ ਜੈਤੋ ਦੇ ਸਰਪ੍ਰਸਤ ਅਤੇ ਮਾਨਵ ਕਲਿਆਣ ਸੇਵਾ ਸੰਮਤੀ ਜੈਤੋ ਦੇ ਸਰਪ੍ਰਸਤ ਸੰਤ ਰਿਸ਼ੀ ਰਾਮ ਜੀ ਜਲਾਲ ਵਾਲਿਆਂ ਨੇ ਸੰਗਤ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਵੀ ਮਾਤਾ ਅਮਰ ਕੌਰ ਦੁਲੱਟ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਦੇ ਸਮਾਜ ਭਲਾਈ ਦੇ ਕਾਰਜਾਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਸਮਾਜ ਦੀ ਭਲਾਈ ਲਈ ਕੀਤੇ ਗਏ ਨੇਕ ਕਾਰਜ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਜਿਊਂਦੇ ਰਹਿੰਦੇ ਹਨ। ਸਮਾਗਮ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਸੰਗਤ ਨੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ ਅਤੇ ਸੇਵਾ ਭਾਵਨਾ ਨਾਲ ਲੰਗਰ ਛਕਿਆ। ਇਸ ਮੌਕੇ ਵਿਵੇਕ ਮਿਸ਼ਨ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਸੰਤ ਗੰਗਾ ਰਾਮ, ਮਾਤਾ ਰਜਨੀ ਦੇਵੀ ਵਿਵੇਕ ਆਸ਼ਰਮ ਵਾਲੇ, ਅਜੈਬ ਕੌਰ ਰੌਂਤਾ, ਮਾਤਾ ਅਮਰ ਕੌਰ ਦੁਲੱਟ ਦੇ ਪੜਪੋਤੇ ਕਰਨ ਸਿੰਘ ਦੁਲੱਟ ਅਤੇ ਮਾਨਵਜੀਤ ਸਿੰਘ ਦੁੱਲਟ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਤੋਂ ਇਲਾਵਾ ਅਮਰਿੰਦਰ ਸਿੰਘ ਝੀਂਡ ਵਾਲਾ, ਡੀ.ਸੀ. ਸਿੰਘ, ਡਾਕਟਰ ਮੱਖਣ ਸਿੰਘ ਕਰੀਰਵਾਲੀ, ਹਰਭਗਵਾਨ ਸਿੰਘ ਕਰੀਰਵਾਲੀ, ਹੈੱਡ ਗ੍ਰੰਥੀ ਰਾਮ ਸਿੰਘ, ਤੇਜਿੰਦਰ ਸਿੰਘ ਬਰਾੜ ਕਰੀਰਵਾਲੀ, ਦਿਲਬਾਗ ਸਿੰਘ, ਜਸਦੀਪ ਸਿੰਘ, ਜਸਵਿੰਦਰ ਸਿੰਘ ਪਟਵਾਰੀ ਰੋੜੀਕਪੂਰਾ, ਮਹਿੰਦਰ ਸਿੰਘ ਨਿਰਵਾਨ, ਸਤਵਿੰਦਰਪਾਲ ਸਿੰਘ ਸੱਤੀ ਅੰਗਰੋਈਆ, ਸਮੂਹ ਵਿਵੇਕ ਸੰਗਤ ਜੈਤੋ ਅਤੇ ਪਿੰਡ ਰਾਮਗੜ੍ਹ ਭਗਤੂਆਣਾ ਦਾ ਦੁਲੱਟ ਪਰਿਵਾਰ ਵੀ ਹਾਜ਼ਰ ਸੀ।