- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰੀ ਗਊਸ਼ਾਲਾ ਗੋਲੇਵਾਲਾ ਦਾ ਦੌਰਾ ਕਰਕੇ ਅਰਸ਼ ਸੱਚਰ ਨੇ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ

ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ ਫਰੀਦਕੋਟ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਮਾਜ ਸੇਵੀ ਅਰਸ਼ ਸੱਚਰ ਨੇ ਸਰਕਾਰੀ ਗਊਸ਼ਾਲਾ ਪਿੰਡ ਗੋਲੇਵਾਲਾ ਦਾ ਦੌਰਾ ਕਰਕੇ ਉੱਥੇ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਗਊਸ਼ਾਲਾ ਦੇ ਸੇਵਾਦਾਰਾਂ ਅਤੇ ਸੰਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਮੌਜੂਦਾ ਹਾਲਾਤ ਬਾਰੇ ਜਾਣਕਾਰੀ ਹਾਸਲ ਕੀਤੀ।ਅਰਸ਼ ਸੱਚਰ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੁੱਕੇ ਗਏ ਸਕਾਰਾਤਮਕ ਕਦਮਾਂ ਕਾਰਨ ਗਊਸ਼ਾਲਾ ਦੀ ਸਥਿਤੀ ਪਹਿਲਾਂ ਨਾਲੋਂ ਕਾਫ਼ੀ ਸੁਧਰੀ ਹੈ ਅਤੇ ਗਊ ਮਾਤਾ ਦੀ ਸੇਵਾ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਇਸ ਲਈ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਨਿਰੀਖਣ ਦੌਰਾਨ ਕੁਝ ਮਹੱਤਵਪੂਰਨ ਮੁੱਦੇ ਵੀ ਸਾਹਮਣੇ ਆਏ ਹਨ, ਜਿਨ੍ਹਾਂ ਦੇ ਹੱਲ ਲਈ ਉਨ੍ਹਾਂ ਨੇ ਮਾਨਯੋਗ ਮੁੱਖ ਮੰਤਰੀ ਪੰਜਾਬ, ਡਿਪਟੀ ਕਮਿਸ਼ਨਰ ਫਰੀਦਕੋਟ ਅਤੇ ਡਿਪਟੀ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਨੂੰ ਵਿਸਥਾਰਪੂਰਵਕ ਮੰਗ ਪੱਤਰ ਭੇਜਿਆ ਹੈ। ਮੰਗ ਪੱਤਰ ਵਿੱਚ ਸਰਕਾਰੀ ਗਊਸ਼ਾਲਾ ਦੀ ਟੁੱਟੀ ਹੋਈ ਚਾਰਦੀਵਾਰੀ ਅਤੇ ਫੈਂਸਿੰਗ ਦੀ ਤੁਰੰਤ ਮੁਰੰਮਤ, ਗਊਸ਼ਾਲਾ ਤੱਕ ਜਾਣ ਵਾਲੇ ਖਰਾਬ ਕੱਚੇ ਰਸਤੇ ਦੀ ਮੁਰੰਮਤ ਜਾਂ ਪੱਕਾ ਨਿਰਮਾਣ, ਗਊ ਸੈੱਸ ਤੋਂ ਇਕੱਠੇ ਹੋਏ ਫੰਡਾਂ ਰਾਹੀਂ ਲੰਬਿਤ ਵਿਕਾਸ ਕਾਰਜਾਂ ਨੂੰ ਜਲਦ ਪੂਰਾ ਕਰਨ, 2240 ਫੁੱਟ ਚਾਰਦੀਵਾਰੀ, 200 ਫੁੱਟ ਪਾਰਟੀਸ਼ਨ ਵਾਲ ਅਤੇ ਨਵੀਂ ਮੋਟਰ ਲਗਾਉਣ ਦੇ ਕੰਮ ਨੂੰ ਤਰਜੀਹ ਦੇਣ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਗਊਸ਼ਾਲਾ ਵਿੱਚ ਸਿਰਫ਼ ਚਾਰ ਕਰਮਚਾਰੀਆਂ ਦੀ ਥਾਂ ਘੱਟੋ-ਘੱਟ ਦੋ ਹੋਰ ਕਰਮਚਾਰੀਆਂ ਦੀ ਨਿਯੁਕਤੀ, ਕੈਮਰੇ, ਰਾਤ ਸਮੇਂ ਲਾਈਟਾਂ, ਪੀਣ ਵਾਲੇ ਪਾਣੀ ਦੀ ਵਿਵਸਥਾ, ਚਾਰੇ ਦੀ ਸਟੋਰੇਜ, ਸ਼ੈੱਡਾਂ ਦੀ ਮੁਰੰਮਤ ਅਤੇ ਨਿਯਮਿਤ ਵੈਟਰਨਰੀ ਜਾਂਚ ਵਰਗੀਆਂ ਸਹੂਲਤਾਂ ਨੂੰ ਵੀ ਯਕੀਨੀ ਬਣਾਉਣ ਦੀ ਅਪੀਲ ਕੀਤੀ। ਅਰਸ਼ ਸੱਚਰ ਨੇ ਕਿਹਾ ਕਿ ਗਊ ਮਾਤਾ ਦੀ ਸੇਵਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਜੇਕਰ ਇਹ ਬਾਕੀ ਰਹਿੰਦੇ ਕੰਮ ਵੀ ਜਲਦ ਪੂਰੇ ਕਰ ਦਿੱਤੇ ਜਾਣ ਤਾਂ ਸਰਕਾਰੀ ਗਊਸ਼ਾਲਾ ਗੋਲੇਵਾਲਾ ਪੰਜਾਬ ਦੀਆਂ ਆਦਰਸ਼ ਗਊਸ਼ਾਲਾਵਾਂ ਵਿੱਚ ਆਪਣੀ ਵੱਖਰੀ ਪਛਾਣ ਬਣਾ ਸਕਦੀ ਹੈ। ਉਨ੍ਹਾਂ ਉਮੀਦ ਜਤਾਈ ਕਿ ਸਰਕਾਰ ਅਤੇ ਪ੍ਰਸ਼ਾਸਨ ਲੋਕ ਹਿੱਤ ਅਤੇ ਗਊ ਸੇਵਾ ਨੂੰ ਧਿਆਨ ਵਿੱਚ ਰੱਖਦੇ ਹੋਏ ਇਨ੍ਹਾਂ ਸੁਝਾਵਾਂ 'ਤੇ ਤੁਰੰਤ ਸਕਾਰਾਤਮਕ ਕਾਰਵਾਈ ਕਰਨਗੇ।