- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਿੰਦੀ ਦਿਵਸ ਮੌਕੇ ਬ੍ਰਿਜਿੰਦਰਾ ਕਾਲਜ ਵਿੱਚ ਵੱਖ-ਵੱਖ ਮੁਕਾਬਲਿਆਂ ਦਾ ਆਯੋਜਨ

ਵਿਕਾਸ ਕੁਮਾਰ ਗਰਗ, ਪੰਜਾਬੀ ਜਾਗਰਣ, ਫਰੀਦਕੋਟ : ਸਰਕਾਰੀ ਬ੍ਰਿਜਿੰਦਰਾ ਕਾਲਜ, ਫਰੀਦਕੋਟ ਵਿਖੇ ਪ੍ਰਿੰਸੀਪਲ ਡਾ. ਪੂਜਾ ਭੱਲਾ ਦੀ ਯੋਗ ਅਗਵਾਈ ਹੇਠ ‘ਹਿੰਦੀ ਦਿਵਸ’ ਦੇ ਸਬੰਧ ਵਿੱਚ ਹਿੰਦੀ ਵਿਭਾਗ ਵੱਲੋਂ ਵਿਦਿਆਰਥੀਆਂ ਲਈ ਪੋਸਟਰ ਮੇਕਿੰਗ, ਸਲੋਗਨ ਲੇਖਨ ਅਤੇ ਲੇਖ ਲੇਖਨ ਮੁਕਾਬਲੇ ਕਰਵਾਏ ਗਏ। ਇਸ ਮੌਕੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਅਤੇ ਜੋਸ਼ ਨਾਲ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਆਪਣੀ ਰਚਨਾਤਮਕ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਪੋਸਟਰ ਅਤੇ ਸਲੋਗਨ ਲੇਖਨ ਰਾਹੀਂ ਵਿਦਿਆਰਥੀਆਂ ਨੇ ਹਿੰਦੀ ਭਾਸ਼ਾ ਦੀ ਮਹੱਤਤਾ ਦੇ ਨਾਲ-ਨਾਲ ਸਮਾਜਿਕ ਅਤੇ ਵਾਤਾਵਰਣਕ ਵਿਸ਼ਿਆਂ ਪ੍ਰਤੀ ਆਪਣੀ ਜਾਗਰੂਕਤਾ ਨੂੰ ਵੀ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਗਟ ਕੀਤਾ। ਲੇਖ ਲੇਖਨ ਮੁਕਾਬਲੇ ਲਈ ਵਿਦਿਆਰਥੀਆਂ ਨੂੰ ‘ਹਿੰਦੀ ਭਾਸ਼ਾ : ਸਾਡੀ ਪਛਾਣ, ਸੱਭਿਆਚਾਰ ਅਤੇ ਮਾਣ’, ‘ਮੋਬਾਈਲ ਅਤੇ ਸੋਸ਼ਲ ਮੀਡੀਆ : ਨਵੀਂ ਪੀੜ੍ਹੀ ਲਈ ਵਰਦਾਨ ਜਾਂ ਸਰਾਪ’ ਅਤੇ ‘ਵਾਤਾਵਰਣ ਸੰਭਾਲ ਅਤੇ ਨੌਜਵਾਨ ਪੀੜ੍ਹੀ ਦੀ ਜ਼ਿੰਮੇਵਾਰੀ’ ਵਰਗੇ ਸਮਕਾਲੀ ਅਤੇ ਵਿਚਾਰਉਤੇਜਕ ਵਿਸ਼ੇ ਦਿੱਤੇ ਗਏ। ਵਿਦਿਆਰਥੀਆਂ ਨੇ ਇਨ੍ਹਾਂ ਵਿਸ਼ਿਆਂ ’ਤੇ ਆਪਣੇ ਵਿਚਾਰਾਂ ਨੂੰ ਪ੍ਰਭਾਵਸ਼ਾਲੀ ਅਤੇ ਸਿਰਜਣਾਤਮਕ ਢੰਗ ਨਾਲ ਪੇਸ਼ ਕੀਤਾ। ਇਸ ਮੌਕੇ ਡਾ. ਰਾਜਪਾਲ ਨੇ ਵਿਦਿਆਰਥੀਆਂ ਨੂੰ ਹਿੰਦੀ ਭਾਸ਼ਾ ਦੀ ਮਹੱਤਤਾ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ਹਿੰਦੀ ਕੇਵਲ ਸੰਚਾਰ ਦਾ ਸਾਧਨ ਹੀ ਨਹੀਂ, ਸਗੋਂ ਸਾਡੀ ਸੱਭਿਆਚਾਰਕ ਪਛਾਣ ਅਤੇ ਮਾਣ-ਸਨਮਾਨ ਦੀ ਵਾਹਕ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹਿੰਦੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਅਤੇ ਇਸ ਦੇ ਪ੍ਰਚਾਰ-ਪ੍ਰਸਾਰ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ। ਹਿੰਦੀ ਵਿਭਾਗ ਦੀ ਡਾ. ਸੋਨਿਕਾ ਨੇ ਮੁਕਾਬਲਿਆਂ ਦੇ ਸਫਲ ਆਯੋਜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਵਿਦਿਆਰਥੀਆਂ ਦਾ ਹੌਸਲਾ ਵਧਾਉਂਦਿਆਂ ਉਨ੍ਹਾਂ ਦੀ ਰਚਨਾਤਮਕ ਪ੍ਰਤਿਭਾ ਦੀ ਸ਼ਲਾਘਾ ਕੀਤੀ। ਪ੍ਰੋਗਰਾਮ ਦੇ ਅੰਤ ਵਿੱਚ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਡਾ. ਪੂਜਾ ਭੱਲਾ ਵੱਲੋਂ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਵਿਦਿਆਰਥੀਆਂ ਨੇ ਇਨ੍ਹਾਂ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਭਾਗ ਲੈਂਦਿਆਂ ਹਿੰਦੀ ਭਾਸ਼ਾ ਪ੍ਰਤੀ ਆਪਣੀ ਰੁੱਚੀ, ਸਨਮਾਨ ਅਤੇ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ।