ਫਰੀਦਕੋਟ ’ਚ 6 ਸਾਲਾ ਅਣਪਛਾਤੇ ਬੱਚੇ ਦਾ ਕਤਲ, ਹੱਥ-ਪੈਰ ਤਾਰ ਨਾਲ ਬੰਨ੍ਹ ਕੇ ਰਜਵਾਹੇ ’ਚ ਸੁੱਟਿਆ, ਇਲਾਕੇ ’ਚ ਸਹਿਮ ਦਾ ਮਾਹੌਲ
ਜਾਣਕਾਰੀ ਅਨੁਸਾਰ ਪਿੰਡ ਟਹਿਣਾ ਦੇ ਚੌਕੀਦਾਰ ਜਗਸੀਰ ਸਿੰਘ ਨੇ ਥਾਣਾ ਸਦਰ ਫਰੀਦਕੋਟ ਪੁਲਿਸ ਨੂੰ ਸੂਚਨਾ ਦਿੱਤੀ ਕਿ ਪਿੰਡ ’ਚੋਂ ਲੰਘਦੇ ਰਜਵਾਹੇ ’ਚ ਪੁਲ ਨੇੜੇ ਇੱਕ ਬੱਚੇ ਦੀ ਲਾਸ਼ ਫਸੀ ਹੋਈ ਹੈ। ਸੂਚਨਾ ਮਿਲਦੇ ਹੀ ਸਬ-ਇੰਸਪੈਕਟਰ ਸਤਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਮੌਕੇ ’ਤੇ ਪਹੁੰਚੀ। ਸਹਾਰਾ ਸੋਸਾਇਟੀ ਦੇ ਵਰਕਰਾਂ ਦੀ ਮਦਦ ਨਾਲ ਲਾਸ਼ ਨੂੰ ਰਜਵਾਹੇ ’ਚੋਂ ਬਾਹਰ ਕੱਢਿਆ ਗਿਆ।
Publish Date: Sat, 03 Oct 2026 11:47 AM (IST)
Updated Date: Sat, 03 Oct 2026 11:50 AM (IST)
ਸ਼ਿਵ ਸ਼ਰਮਾ, ਪੰਜਾਬੀ ਜਾਗਰਣ, ਫਰੀਦਕੋਟ। ਫਰੀਦਕੋਟ ਦੇ ਪਿੰਡ ਟਹਿਣਾ ਨੇੜੇ ਰਜਵਾਹੇ ’ਚੋਂ ਕਰੀਬ 6 ਸਾਲਾ ਅਣਪਛਾਤੇ ਬੱਚੇ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਬੱਚੇ ਦੇ ਹੱਥ-ਪੈਰ ਬਰੀਕ ਲੋਹੇ ਦੀ ਤਾਰ ਨਾਲ ਬੰਨ੍ਹੇ ਹੋਏ ਸਨ। ਮੁੱਢਲੀ ਜਾਂਚ ਦੇ ਆਧਾਰ ’ਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਪਿੰਡ ਟਹਿਣਾ ਦੇ ਚੌਕੀਦਾਰ ਜਗਸੀਰ ਸਿੰਘ ਨੇ ਥਾਣਾ ਸਦਰ ਫਰੀਦਕੋਟ ਪੁਲਿਸ ਨੂੰ ਸੂਚਨਾ ਦਿੱਤੀ ਕਿ ਪਿੰਡ ’ਚੋਂ ਲੰਘਦੇ ਰਜਵਾਹੇ ’ਚ ਪੁਲ ਨੇੜੇ ਇੱਕ ਬੱਚੇ ਦੀ ਲਾਸ਼ ਫਸੀ ਹੋਈ ਹੈ। ਸੂਚਨਾ ਮਿਲਦੇ ਹੀ ਸਬ-ਇੰਸਪੈਕਟਰ ਸਤਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਮੌਕੇ ’ਤੇ ਪਹੁੰਚੀ। ਸਹਾਰਾ ਸੋਸਾਇਟੀ ਦੇ ਵਰਕਰਾਂ ਦੀ ਮਦਦ ਨਾਲ ਲਾਸ਼ ਨੂੰ ਰਜਵਾਹੇ ’ਚੋਂ ਬਾਹਰ ਕੱਢਿਆ ਗਿਆ।
ਪੁਲਿਸ ਮੁਤਾਬਕ ਬੱਚੇ ਦੀ ਉਮਰ ਕਰੀਬ 6 ਸਾਲ ਹੈ। ਉਸ ਨੇ ਖਾਕੀ ਰੰਗ ਦੀ ਟੀ-ਸ਼ਰਟ, ਕਾਲੇ ਰੰਗ ਦੀ ਹਾਫ ਪੈਂਟ ਅਤੇ ਪੈਰਾਂ ’ਚ ਸੈਂਡਲ ਪਹਿਨੇ ਹੋਏ ਸਨ। ਉਸ ਦੇ ਹੱਥ-ਪੈਰ ਬਰੀਕ ਲੋਹੇ ਦੀ ਤਾਰ ਨਾਲ ਬੰਨ੍ਹੇ ਹੋਏ ਮਿਲੇ। ਮੁੱਢਲੀ ਜਾਂਚ ਵਿੱਚ ਪੁਲਿਸ ਨੂੰ ਸ਼ੱਕ ਹੈ ਕਿ ਬੱਚੇ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਪਛਾਣ ਲੁਕਾਉਣ ਅਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਇਰਾਦੇ ਨਾਲ ਰਜਵਾਹੇ ਵਿੱਚ ਸੁੱਟਿਆ ਗਿਆ।
ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ।
ਇਸ ਸਬੰਧੀ ਡੀ.ਐੱਸ.ਪੀ. ਅਵਤਾਰ ਸਿੰਘ ਰਾਜਪਾਲ ਨੇ ਦੱਸਿਆ ਕਿ ਪਿੰਡ ਦੇ ਚੌਕੀਦਾਰ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲਿਸ ਵੱਲੋਂ ਬੱਚੇ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਆਸ-ਪਾਸ ਦੇ ਸਾਰੇ ਥਾਣਿਆਂ ਦੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਬੱਚੇ ਦੀ ਪਛਾਣ ਹੋਣ ਤੋਂ ਬਾਅਦ ਜਾਂਚ ਨੂੰ ਅੱਗੇ ਵਧਾਇਆ ਜਾਵੇਗਾ। ਪੁਲਿਸ ਵੱਲੋਂ ਬੱਚੇ ਦਾ ਡੀਐੱਨਏ ਵੀ ਲਿਆ ਜਾਵੇਗਾ।