ਫਰੀਦਕੋਟ ’ਚ ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ : ਸੱਚਰ
ਫਰੀਦਕੋਟ ਵਿੱਚ ਧਰਤੀ ਹੇਠਲਾ ਪਾਣੀ ਪੀਣਯੋਗ ਨਹੀਂ, ਬਿਮਾਰੀਆਂ ਫੈਲਣ ਦਾ ਖਤਰਾ : ਅਰਸ਼ ਸੱਚਰ
Publish Date: Fri, 16 Jan 2026 03:37 PM (IST)
Updated Date: Sat, 17 Jan 2026 04:01 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫ਼ਰੀਦਕੋਟ : ਫ਼ਰੀਦਕੋਟ ਅੱਜ ਇੱਕ ਐਸੇ ਸੰਕਟ ਦੇ ਸਾਹਮਣੇ ਖੜਾ ਹੈ, ਜੋ ਸ਼ਾਂਤ ਦਿਸਦਾ ਹੈ ਪਰ ਅੰਦਰੋਂ ਜਾਨਲੇਵਾ ਹੈ। ਪੀਣ ਵਾਲਾ ਪਾਣੀ, ਜੋ ਜੀਵਨ ਹੈ, ਅੱਜ ਹੌਲੀ-ਹੌਲੀ ਬਿਮਾਰੀ ਬਣਦਾ ਜਾ ਰਿਹਾ ਹੈ। ਇਹ ਮਸਲਾ ਹੁਣ ਸਿਰਫ਼ ਸਹੂਲਤ ਦਾ ਨਹੀਂ, ਸਿੱਧਾ ਮਨੁੱਖੀ ਅਧਿਕਾਰ ਅਤੇ ਜਨਤਕ ਸਿਹਤ ਦਾ ਬਣ ਚੁੱਕਾ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਮਾਜਸੇਵੀ ਅਰਸ਼ ਸੱਚਰ ਨੇ ਮੁੱਖ ਮੰਤਰੀ ਪੰਜਾਬ ਨੂੰ ਭੇਜੀ ਆਪਣੀ ਵਿਸਥਾਰਤ ਅਰਜ਼ੀ ਵਿੱਚ ਫ਼ਰੀਦਕੋਟ ਵਿਧਾਨ ਸਭਾ ਹਲਕੇ ਵਿੱਚ ਧਰਤੀ ਹੇਠਲੇ ਪਾਣੀ ਨੂੰ ਲੈ ਕੇ ਲੋਕ ਸਿਹਤ ਐਮਰਜੈਂਸੀ ਐਲਾਨਣ ਅਤੇ ਤੁਰਤ ਉੱਚ ਪੱਧਰੀ ਦਖ਼ਲ ਦੀ ਮੰਗ ਕੀਤੀ ਹੈ। ਪਿਛਲੇ ਕਈ ਮਹੀਨਿਆਂ ਤੋਂ ਅਰਸ਼ ਸੱਚਰ ਵੱਲੋਂ ਕੀਤੀਆਂ ਗਈਆਂ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਦੀਆਂ ਮੁਲਾਕਾਤਾਂ ਦੌਰਾਨ ਲੋਕਾਂ ਨੇ ਜੋ ਦਰਦ ਸਾਂਝਾ ਕੀਤਾ, ਉਹ ਸਿਰਫ਼ ਸ਼ਿਕਾਇਤ ਨਹੀਂ, ਇੱਕ ਖ਼ਤਰੇ ਦੀ ਘੰਟੀ ਹੈ। ਲੋਕ ਦੱਸ ਰਹੇ ਹਨ ਕਿ ਨਲਕਿਆਂ ਦਾ ਪਾਣੀ ਬਦਬੂਦਾਰ, ਖਾਰਾ ਅਤੇ ਗੰਦਾ ਹੋ ਚੁੱਕਾ ਹੈ, ਬੱਚੇ ਪੇਟ, ਹੱਡੀਆਂ, ਚਮੜੀ ਅਤੇ ਗੁਰਦੇ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਹਨ, ਕੈਂਸਰ ਅਤੇ ਕਿਡਨੀ ਫੇਲ ਦੇ ਮਾਮਲੇ ਚਿੰਤਾਜਨਕ ਢੰਗ ਨਾਲ ਵੱਧ ਰਹੇ ਹਨ ਅਤੇ ਲੋਕ ਆਪਣੇ ਹੀ ਘਰਾਂ ਦੇ ਪਾਣੀ ਤੋਂ ਡਰਦੇ ਹਨ, ਇਹ ਸਿਰਫ਼ ਪਾਣੀ ਦੀ ਸਮੱਸਿਆ ਨਹੀਂ ਰਹੀ… ਇਹ ਸਾਡੇ ਬੱਚਿਆਂ ਦੀ ਜ਼ਿੰਦਗੀ, ਮਾਵਾਂ ਦੀਆਂ ਅੱਖਾਂ ਦੇ ਹੰਝੂ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਹੈ। ਉਨ੍ਹਾਂ ਦੱਸਿਆ ਕਿ ਇਸ ਗੰਭੀਰ ਮਸਲੇ ਨੂੰ ਲੈ ਕੇ ਉਹ ਪਹਿਲਾਂ ਹੀ ਸਰਕਾਰ ਕੋਲ ਸਰਕਾਰੀ ਗ੍ਰੀਵੈਂਸ ਦਰਜ ਕਰਵਾ ਚੁੱਕੇ ਹਨ।